ਯੂਕੇ 'ਚ ਪੰਜਾਬੀ ਦੀ ਦਲੇਰੀ ਨੇ 'ਪੜ੍ਹਨੇ' ਪਾਇਆ ਲੁਟੇਰਾ, ਦੂਭ ਦਬਾ ਕੇ ਪਿਆ ਭੱਜਣਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਹਥਿਆਰ ਦੀ ਨੋਕ 'ਤੇ ਸਟੋਰ 'ਚ ਡਕੈਤੀ ਕਰਨ ਆਇਆ ਸੀ ਲੁਟੇਰਾ

file photo

ਲੰਡਨ : ਅਪਣੀ ਸਖ਼ਤ ਮਿਹਨਤ, ਲਗਨ ਤੇ ਨਿਡਰਤਾ ਕਾਰਨ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੀ ਚੰਗਾ ਨਾਮਨਾ ਖੱਟਿਆ ਹੈ। ਭਾਵੇਂ ਵਿਦੇਸ਼ਾਂ ਵਿਚ ਪੰਜਾਬੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਅਪਣੀ ਬਹਾਦਰੀ ਤੇ ਦਲੇਰੀ ਕਾਰਨ ਇਨ੍ਹਾਂ ਨੇ ਹਰ ਤਰ੍ਹਾਂ ਦੇ ਔਖੇ ਹਾਲਾਤਾਂ 'ਚ ਵੀ ਅਪਣੀ ਸਰਦਾਰੀ ਕਾਇਮ ਰੱਖੀ ਹੋਈ ਹੈ।

ਵਿਦੇਸ਼ਾਂ ਵਿਚ ਪੰਜਾਬੀਆਂ ਵਲੋਂ ਅਪਣੀ ਬਹਾਦਰੀ ਦੇ ਲੋਹਾ ਮਨਵਾਉਣ ਦੀਆਂ ਖ਼ਬਰਾਂ ਵੀ ਪੜ੍ਹਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇਕ ਖ਼ਬਰ ਆਈ ਹੈ ਇੰਗਲੈਂਡ ਦੇ ਸ਼ਹਿਰ ਡੁਡਲੀ ਵੈੱਸਟ ਮਿਡਲੈਂਡ 'ਚ ਜਿਥੇ ਇਕ ਸਟੋਰ ਨੂੰ ਲੁੱਟਣ ਆਏ ਹਥਿਆਰਬੰਦ ਲੁਟੇਰੇ ਨੂੰ ਪੰਜਾਬੀ ਨੌਜਵਾਨ ਦੀ ਦਲੇਰੀ ਕਾਰਨ ਦੂਭ ਦਬਾਅ ਕੇ ਭੱਜਣ ਲਈ ਮਜਬੂਰ ਹੋਣਾ ਪਿਆ।

ਇਹ ਲਟੇਰਾ ਸਟੋਰ ਅੰਦਰ ਲੁੱਟ ਦੇ ਮਕਸਦ ਨਾਲ ਦਾਖ਼ਲ ਹੋਇਆ। ਉਸ ਸਮੇਂ ਸਟੋਰ ਅੰਦਰ ਇਕ ਪੰਜਾਬੀ ਦਸਤਾਰਧਾਰੀ ਨੌਜਵਾਨ ਮੌਜੂਦ ਸੀ। ਲੁਟੇਰੇ ਨੇ ਹਥਿਆਰ ਦੀ ਨੌਕ 'ਤੇ ਨੌਜਵਾਨ ਨੂੰ ਧਮਕਾਉਂਦਿਆਂ ਪੈਸਿਆਂ ਦੀ ਮੰਗ ਕੀਤੀ। ਨੌਜਵਾਨ ਬਿਨਾਂ ਡਰੇ ਲੁਟੇਰੇ ਦੀਆਂ ਧਮਕੀਆਂ ਨੂੰ ਸੁਣਦਾ ਰਿਹਾ ਤੇ ਅਚਾਨਕ ਕਾਊਂਟਰ ਹੇਠ ਪਏ ਪਾਈਪ ਨੂੰ ਚੁੱਕ ਲਿਆ।

ਨੌਜਵਾਨ ਦੀ ਨਿਡਰਤਾ ਵੇਖ ਲੁਟੇਰੇ ਨੂੰ ਅਪਣੀ ਜਾਨ ਦੇ ਲਾਲੇ ਪੈ ਗਏ। ਜਦੋਂ ਨੌਜਵਾਨ ਨੇ ਪੂਰੇ ਦੇਸੀ ਅੰਦਾਜ਼ 'ਚ ਗਾਲ੍ਹਾ ਕੱਢਦਿਆਂ ਲੁਟੇਰੇ ਨੂੰ ਲਲਕਾਰਿਆ ਤਾਂ ਉਹ ਦੂਭ ਦਬਾ ਕੇ ਭੱਜ ਨਿਕਲਿਆ, ਜਿਸਦਾ ਨੌਜਵਾਨ ਨੇ ਬਾਹਰ ਤਕ ਪਿੱਛਾ ਵੀ ਕੀਤਾ। ਇਸ ਸਾਰੀ ਘਟਨਾ ਦੀ ਵੀਡੀਓ ਸਟੋਰ 'ਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ।

ਇਸ ਪੰਜਾਬੀ ਨੌਜਵਾਨ ਦਾ ਨਾਂ ਦਮਨਪ੍ਰੀਤ ਸਿੰਘ ਦਸਿਆ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਯੂਕੇ ਅੰਦਰ ਅਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ ਜਿੱਥੇ ਲੁਟੇਰੇ ਦੁਕਾਨਦਾਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਦੀਆਂ ਕਈ ਘਟਨਾਵਾਂ 'ਚ ਦੁਕਾਨਦਾਰਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ।