ਵਿਦੇਸ਼ਾਂ 'ਚ ਵਸੇ ਭਗੌੜੇ ਅਪਰਾਧੀਆਂ ਵਿਰੁਧ ਕੈਪਟਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਏਜੰਸੀ

ਖ਼ਬਰਾਂ, ਪੰਜਾਬ

ਮਾਮਲਿਆਂ ਦੇ ਤੇਜ਼ੀ ਨਾਲ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਭਰੋਸਾ ਦਿੱਤਾ

Captain Amarinder assured Punjabi diaspora to explore cases of POs settled abroad

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿਚ ਵਸੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਪੰਜਾਬ ਛੱਡ ਕੇ ਜਾਣ  ਵਾਲੇ ਵਿਅਕਤੀਆਂ ਜਿਨ੍ਹਾਂ ਨੂੰ ਬਾਅਦ ਵਿਚ ਭਗੌੜੇ ਕਰਾਰ ਦਿਤਾ ਗਿਆ ਸੀ, ਦੇ ਮਾਮਲਿਆਂ ਦੇ ਜਲਦੀ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਮੁੱਦਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਕੇਂਦਰ ਸਰਕਾਰ ਕੋਲ ਉਠਾਉਣਗੇ। ਉਹ ਬੀਤੀ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਐਨ.ਆਰ.ਆਈਜ਼ ਦੇ ਇਕ ਸਮੂਹ ਵਲੋਂ ਕੀਤੀ ਬੇਨਤੀ ਦਾ ਜਵਾਬ ਦੇ ਰਹੇ ਸਨ। ਮੁੱਖ ਮੰਤਰੀ ਨੇ ਐਨ.ਆਰ.ਆਈਜ਼. ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ 'ਤੇ ਅਧਾਰਤ ਕਿਤਾਬਾਂ, ਯਾਦਗਾਰੀ ਸਿੱਕੇ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ।

ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਕੁਝ ਭਾਰਤੀ ਮਿਸ਼ਨਾਂ ਜਿਵੇਂ ਕਿ ਯੂਕੇ, ਅਮਰੀਕਾ, ਕਨੇਡਾ, ਜਰਮਨੀ ਅਤੇ ਫਰਾਂਸ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ, ਵਿਚ ਅਜਿਹੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦੀ ਸੰਭਾਵਨਾ ਨੂੰ ਵਿਚਾਰਨਗੇ। ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਅਤੇ ਪ੍ਰਗਤੀ ਦੇ ਉਦੇਸ਼ ਨਾਲ ਸੂਬੇ ਨੂੰ ਵਿਕਾਸ ਦੇ ਇਕ ਨਵੇਂ ਯੁੱਗ ਵਿੱਚ ਲਿਜਾਣ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਵਿੱਚ ਸਾਥ ਦੇਣ। ਮੁੱਖ ਮੰਤਰੀ ਨੇ ਵਿਸ਼ਵ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਸਖ਼ਤ ਮਿਹਨਤ ਨਾਲ ਸੂਬੇ ਅਤੇ ਦੇਸ਼ ਲਈ ਮਾਣ ਖੱਟਣ ਲਈ ਪਰਵਾਸੀ ਪੰਜਾਬੀਆਂ ਦੀ ਸ਼ਲਾਘਾ ਕੀਤੀ।

ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਆਪਣੀਆਂ ਜੜਾਂ ਨਾਲ ਜੁੜੋ' ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਉਕਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਨੌਜਵਾਨਾਂ ਨੂੰ ਵੀ ਪੰਜਾਬ ਆ ਕੇ ਆਪਣੀ ਜੱਦੀ ਵਿਰਾਸਤ ਨਾਲ ਜੁੜਨ ਲਈ ਉਤਸ਼ਾਹਿਤ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਕਰਤਾਰਪੁਰ ਲਾਂਘਾ ਖੁੱਲਣ 'ਤੇ ਸਮੁੱਚੀ ਸਿੱਖ ਕੌਮ, ਵਿਸ਼ੇਸ਼ ਕਰਕੇ ਪਰਵਾਸੀ ਭਾਰਤੀਆਂ ਨੂੰ ਵਧਾਈ ਦਿੱਤੀ, ਜਿਸ ਨਾਲ ਸ਼ਰਧਾਲੂਆਂ ਨੂੰ ਇਤਿਹਾਸਕ ਗੁਰਦੁਆਰੇ ਦੇ 'ਖੁੱਲੇ ਦਰਸ਼ਨ ਦੀਦਾਰ' ਦਾ ਸੁਭਾਗ ਪ੍ਰਾਪਤ ਹੋਇਆ ਹੈ।

ਹੋਰ ਪ੍ਰਵਾਸੀ ਭਾਰਤੀਆਂ ਵਿਚ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ, ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਮੈਂਬਰ ਪਾਰਲੀਮੈਂਟ ਲਾਰਡ ਦਿਲਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਬੱਲ, ਤੇਜਿੰਦਰ ਸਿੰਘ, ਇਕਬਾਲ ਸਿੰਘ, ਸੁਰਿੰਦਰ ਪਾਲ ਸਿੰਘ, ਭਰਮਤੋੜ ਸਿੰਘ, ਜਗਦੀਸ਼ ਸਿੰਘ ਗਰੇਵਾਲ, ਸੁਖਪਾਲ ਸਿੰਘ ਧਨੋਆ, ਸੁਰਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਕਾਲੜਾ, ਜਗਤਾਰ ਸਿੰਘ ਅਜੀਮਲ, ਰਵਿੰਦਰ ਸਿੰਘ ਗੋਦਾਰਾ, ਰੇਸ਼ਮ ਸਿੰਘ ਸੰਧੂ, ਗੁਰਮੀਤ ਸਿੰਘ ਰੰਧਾਵਾ, ਹਰਬਰਿੰਦਰ ਰੰਧਾਵਾ, ਧਨਵੰਤ ਸਿੰਘ ਸੰਧੂ, ਸੁਰਜੀਤ ਸਿੰਘ ਮਾਨ, ਐਸ ਪੀ ਸਿੰਘ ਓਬਰਾਏ, ਦਿਲਵੀਰ ਸਿੰਘ, ਹਰਦਵਿੰਦਰ ਸਿੰਘ, ਇਕਬਾਲ ਸਿੰਘ ਭੱਟੀ, ਸੰਤੋਖ ਸਿੰਘ ਪਦੇਹ ਅਤੇ ਅਮਨ ਪੁਰੀ ਸ਼ਾਮਲ ਸਨ।