ਅਮਰੀਕਾ 'ਚ ਨਿਵੇਸ਼ ਸਕੀਮ ਰਾਹੀਂ ਲੋਕਾਂ ਨੂੰ ਠੱਗਣ ਦੇ ਦੋਸ਼ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਰੀ ਇਲਾਕੇ ਦੇ ਘੱਟ-ਘੱਟ 12 ਲੋਕ ਹੋਏ ਧੋਖੇ ਦੇ ਸ਼ਿਕਾਰ 

Representational Image

 

ਨਿਊਯਾਰਕ - ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਨਿਵੇਸ਼ ਸਕੀਮ ਦੇ ਝਾਂਸੇ ਰਾਹੀਂ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰੀ ਕੈਰੋਲੀਨਾ ਦੇ ਅਟਾਰਨੀ ਦਫ਼ਤਰ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਇਹ ਜਾਣਕਾਰੀ ਦਿੱਤੀ।

ਰਿਲੀਜ਼ ਅਨੁਸਾਰ, ਕੈਰੀ ਖੇਤਰ ਨਿਵਾਸੀ ਕੁਮਾਰ ਅਰੁਣ ਨੇਪੱਲੀ (56) ਨੂੰ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ।

ਰਿਲੀਜ਼ ਅਨੁਸਾਰ, ਨੇਪੱਲੀ ਨੇ ਕੈਰੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨਾਲ ਆਪਣੇ ਚੰਗੇ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਘੱਟੋ-ਘੱਟ 12 ਲੋਕਾਂ ਨੂੰ ਧੋਖਾ ਦਿੱਤਾ।

ਇਸ ਵਿੱਚ ਕਿਹਾ ਗਿਆ ਹੈ ਕਿ ਨੇਪੱਲੀ ਲੋਕਾਂ ਨੂੰ ਚੰਗੇ ਮੁਨਾਫ਼ੇ  ਦਾ ਲਾਲਚ ਦੇ ਕੇ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਾ ਸੀ। 

ਅਮਰੀਕਾ ਦੀ ਫ਼ੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ਼.ਬੀ.ਆਈ.) ਦੇ ਕਾਰਜਕਾਰੀ ਵਿਸ਼ੇਸ਼ ਏਜੰਟ ਮਾਈਕਲ ਸੀ. ਸ਼ਰਕ ਨੇ ਕਿਹਾ, “ਸਾਡੀ ਜਾਂਚ ਦਰਸਾਉਂਦੀ ਹੈ ਕਿ ਨੇਪੱਲੀ ਨੇ ਭਾਰਤੀ-ਅਮਰੀਕੀ ਭਾਈਚਾਰੇ ਦਾ ਭਰੋਸਾ ਹਾਸਲ ਕੀਤਾ ਅਤੇ ਫਿਰ ਉਸ ਭਰੋਸੇ ਦੀ ਦੁਰਵਰਤੋਂ ਕੀਤੀ। ਨੇਪੱਲੀ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਦਾ ਪੈਸਾ ਜਾਇਦਾਦ ਵਿੱਚ ਲਗਾਵੇਗਾ, ਪਰ ਇਸ ਦੀ ਬਜਾਏ ਉਸ ਨੇ ਪੈਸੇ ਦੀ ਵਰਤੋਂ ਦੂਜੇ ਲੋਕਾਂ ਨੂੰ ਧੋਖਾ ਦੇਣ ਲਈ ਕੀਤੀ।"

ਧੋਖਾਧੜੀ ਦਾ ਦੋਸ਼ੀ ਪਾਏ ਜਾਣ 'ਤੇ ਨੇਪੱਲੀ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।