ISIS ’ਚ ਸ਼ਾਮਲ ਹੋਣ ਵਾਲੀ 19 ਸਾਲਾਂ ਸ਼ਮੀਮਾ ਬੇਗ਼ਮ ਤੋਂ ਵਾਪਸ ਲਈ ਜਾਵੇਗੀ ਬ੍ਰਿਟੇਨ ਦੀ ਨਾਗਰਿਕਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੱਥੋਂ ਦੀ 19 ਸਾਲਾਂ ਸ਼ਮੀਮਾ ਬੇਗ਼ਮ ਤੋਂ ਯੂ.ਕੇ. ਦੀ ਨਾਗਰਿਕਤਾ ਵਾਪਸ ਲੈ ਲਈ ਜਾਵੇਗੀ। ਮੰਗਲਵਾਰ ਨੂੰ ਇਕ ਵਕੀਲ ਨੇ ਸ਼ਮੀਮਾ ਦੇ ਪਰਿਵਾਰ...

Shamima Begam

ਬ੍ਰਿਟੇਨ : ਇੱਥੋਂ ਦੀ 19 ਸਾਲਾਂ ਸ਼ਮੀਮਾ ਬੇਗ਼ਮ ਤੋਂ ਯੂ.ਕੇ. ਦੀ ਨਾਗਰਿਕਤਾ ਵਾਪਸ ਲੈ ਲਈ ਜਾਵੇਗੀ। ਮੰਗਲਵਾਰ ਨੂੰ ਇਕ ਵਕੀਲ ਨੇ ਸ਼ਮੀਮਾ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ। ਸ਼ਮੀਮਾ ਸੀਰੀਆ ਵਿਚ ਆਈਐਸਆਈਐਸ ਵਿਚ ਭਰਤੀ ਹੋ ਗਈ ਸੀ ਅਤੇ ਹੁਣ ਉਹ ਅਪਣੇ ਨਵਜਾਤ ਬੱਚੇ ਨਾਲ ਯੂ.ਕੇ. ਵਾਪਸ ਜਾਣਾ ਚਾਹੁੰਦੀ ਹੈ। ਆਈ.ਐਸ. 'ਚ ਸ਼ਾਮਿਲ ਹੋਣ ਲਈ ਯੂ.ਕੇ. ਤੋਂ ਭੱਜੀ ਬੰਗਲਾਦੇਸ਼ੀ ਮੂਲ ਦੀ ਬਰਤਾਨਵੀ ਲੜਕੀ ਸ਼ਮੀਮਾ ਬੇਗ਼ਮ ਦੇ ਮਾਪਿਆਂ ਵਲੋਂ ਉਸ ਦੀ ਫ਼ੌਰੀ ਵਾਪਸੀ ਲਈ ਗੁਹਾਰ ਲਗਾਈ ਗਈ ਹੈ।

ਜਾਣਕਾਰੀ ਮੁਤਾਬਕ ਸ਼ਮੀਮਾ ਬੇਗ਼ਮ ਨੇ ਸ਼ਰਨਾਰਥੀ ਕੈਂਪ 'ਚ ਬੱਚੇ ਨੂੰ ਜਨਮ ਦਿਤਾ ਹੈ ਤੇ ਦੋਵੇਂ ਸਿਹਤਯਾਬ ਹਨ। ਦੱਸਿਆ ਜਾ ਰਿਹਾ ਹੈ ਕਿ ਕੈਂਪ 'ਚ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਹਮਦਰਦੀ ਪ੍ਰਗਟਾਈ ਹੈ। ਸ਼ਮੀਮਾ ਦਾ ਕਹਿਣਾ ਹੈ ਕਿ ਉਸ ਨੇ ਸੀਰੀਆ ਜਾ ਕੇ ਗ਼ਲਤੀ ਕੀਤੀ ਹੈ। ਸ਼ਮੀਮਾ ਦੇ ਦੋ ਬੱਚੇ ਪਹਿਲਾਂ ਜਨਮ ਤੋਂ ਕੁੱਝ ਸਮੇਂ ਬਾਅਦ ਮਰ ਗਏ ਸਨ। ਸ਼ਮੀਮਾ ਅਪਣੇ ਨਵ ਜਨਮੇਂ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਉਹ ਘਰ ਵਾਪਸ ਆਉਣਾ ਚਾਹੁੰਦੀ ਹੈ। ਦੂਜੇ ਪਾਸੇ ਸ਼ਮੀਮਾ ਦੇ ਯੂ.ਕੇ. ਵਾਪਸ ਆਉਣ ਦਾ ਵਿਰੋਧ ਵੀ ਹੋ ਰਿਹਾ ਹੈ।

ਬ੍ਰਿਟੇਨ ਸਰਕਾਰ ਸ਼ਮੀਮਾ ਤੋਂ ਯੂ.ਕੇ. ਦੀ ਨਾਗਰਿਕਤਾ ਵਾਪਿਸ ਲੈਣ ਦਾ ਵਿਚਾਰ ਬਣਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸ਼ਮੀਮਾ ਬੇਗ਼ਮ ਫਰਵਰੀ 2015 ਨੂੰ ਪੂਰਬੀ ਲੰਡਨ ਦੇ ਬੇਥਨਾਲ ਗਰੀਨ ਇਲਾਕੇ ਦੀਆਂ ਦੋ ਹੋਰ ਸਕੂਲੀ ਲੜਕੀਆਂ ਕਾਦੀਆ ਸੁਲਤਾਨਾ ਅਤੇ ਅਮੀਰਾ ਏਬਾਸ ਨਾਲ ਸੀਰੀਆ ਇਸਲਾਮਿਕ ਸਟੇਟ ਦੇ ਅਤਿਵਾਦੀ ਗਰੋਹਾਂ ਵਿਚ ਸ਼ਾਮਿਲ ਹੋਣ ਲਈ ਭੱਜ ਗਈਆਂ ਸਨ।

ਆਈਐਸਆਈਐਸ ਵਿਚ ਸ਼ਾਮਿਲ ਹੋਣ ਮਗਰੋਂ ਸ਼ਮੀਮਾ ਦਾ ਮਕਸਦ ਇਸਲਾਮ ਲਈ ਲੜ ਰਹੇ ਲੜਾਕਿਆਂ ਦੀ ਸੇਵਾ ਕਰਨਾ ਸੀ ਪਰ ਉਥੇ ਜਾ ਕੇ ਉਸ ਦਾ ਇਹ ਚਾਅ ਬਹੁਤ ਛੇਤੀ ਖ਼ਤਮ ਹੋ ਗਿਆ ਅਤੇ ਹੁਣ ਉਹ ਵਤਨ ਮੁੜਨਾ ਚਾਹੁੰਦੀ ਹੈ।