ਪੈਰਾਂ ਨਾਲ ਜਹਾਜ਼ ਉਡਾਉਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਪਾਇਲਟ ਹੈ ਜੈਸਿਕਾ ਕੌਕਸ
ਅਮਰੀਕਾ ਦੀ ਜੈਸਿਕਾ ਕੌਕਸ ਦੁਨੀਆ ਦੀ ਇਕਲੌਤੀ ਅਜਿਹੀ ਪਾਇਲਟ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ।
ਅਮਰੀਕਾ ਦੀ ਜੈਸਿਕਾ ਕੌਕਸ ਦੁਨੀਆ ਦੀ ਇਕਲੌਤੀ ਅਜਿਹੀ ਪਾਇਲਟ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ। ਜੈਸਿਕਾ ਕੋਲ ਦੁਨੀਆ ਦਾ ਪਹਿਲਾ ਲਾਈਸੈਂਸ ਹੈ ਜੋ ਬਿਨਾਂ ਬਾਹਾਂ ਵਾਲੇ ਪਾਇਲਟ ਨੂੰ ਦਿੱਤਾ ਜਾਂਦਾ ਹੈ। ਜੈਸਿਕਾ ਦੀਆਂ ਬਚਪਨ ਤੋਂ ਹੀ ਦੋਵੇਂ ਬਾਹਾਂ ਨਹੀਂ ਹਨ ਪਰ 34 ਸਾਲਾਂ ਦੀ ਜੈਸਿਕਾ ਸਰਫਿੰਗ, ਸਕੂਬਾ ਡਾਈਵਿੰਗ, ਘੋੜਸਵਾਰੀ ਤੋਂ ਇਲਾਵਾ ਜਹਾਜ਼ ਤੱਕ ਚਲਾ ਲੈਂਦੀ ਹੈ। ਇਸ ਕਰਕੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਵੀ ਦਰਜ ਹੈ। ਇਸ ਦੇ ਨਾਲ ਹੀ ਉਹ ਕਰਾਟਿਆਂ ਅਤੇ ਹੋਰ ਛੋਟੇ ਤੋਂ ਛੋਟੇ ਕੰਮਾਂ ਵਿਚ ਵੀ ਮਾਹਿਰ ਹੈ।
1983 ਵਿਚ ਅਮਰੀਕਾ ਦੇ ਐਰੀਜ਼ੋਨਾ ਵਿਚ ਪੈਦਾ ਹੋਈ ਜੈਸਿਕਾ ਕੌਕਸ ਦੇ ਬਚਪਨ ਤੋਂ ਹੀ ਦੋਵੇਂ ਹੱਥ ਨਹੀਂ ਹਨ। ਉਸ ਨੇ 14 ਸਾਲ ਦੀ ਉਮਰ ਤੋਂ ਹੀ ਅਪਣੇ ਨਕਲੀ ਹੱਥਾਂ ਦੀ ਵਰਤੋਂ ਬੰਦ ਕਰ ਦਿਤੀ ਸੀ। ਉਦੋਂ ਤੋਂ ਹੀ ਜੈਸਿਕਾ ਅਪਣੇ ਸਾਰੇ ਕੰਮ ਪੈਰਾਂ ਨਾਲ ਹੀ ਕਰਦੀ ਆ ਰਹੀ ਹੈ। ਕਾਰ ਚਲਾਉਣ ਤੋਂ ਲੈ ਕੇ ਗੈਸ ਭਰਨਾ, ਅੱਖਾਂ ਵਿਚ ਲੈਂਜ ਪਾਉਣਾ, ਸਕੂਬਾ ਡਾਈਵਿੰਗ ਅਤੇ ਕੀ-ਬੋਰਡ 'ਤੇ ਟਾਈਪ ਕਰਨ ਤਕ ਸਾਰੇ ਕੰਮ ਉਹ ਅਪਣੇ ਦੋਵੇਂ ਪੈਰਾਂ ਨਾਲ ਕਰਦੀ। ਜੈਸਿਕਾ ਦੀ ਟਾਈਪਿੰਗ ਸਪੀਡ 25 ਵਰਡ ਪ੍ਰਤੀ ਮਿੰਟ ਹੈ।
ਜੈਸਿਕਾ ਨੇ 22 ਸਾਲ ਦੀ ਉਮਰ ਵਿਚ ਜਹਾਜ਼ ਚਲਾਉਣਾ ਸਿੱਖਿਆ ਅਤੇ ਸਿਰਫ਼ 3 ਸਾਲਾਂ ਵਿਚ ਹੀ ਉਸ ਨੂੰ ਲਾਇਸੈਂਸ ਮਿਲ ਗਿਆ। ਇਸ ਤੋਂ ਇਲਾਵਾ ਉਹ ਕਰਾਟੇ ਚੈਂਪੀਅਨ ਵੀ ਹੈ। ਜੈਸਿਕਾ ਨੇ ਅਪਣੀ ਵਿਆਹ ਦੀ ਅੰਗੂਠੀ ਵੀ ਅਪਣੇ ਪੈਰਾਂ ਵਿਚ ਪਹਿਨੀ ਸੀ। 34 ਸਾਲਾ ਜੈਸਿਕਾ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਰਹੀ ਹੈ ਜੋ ਕਿਸੇ ਛੋਟੀ ਮੋਟੀ ਮੁਸ਼ਕਲ ਤੋਂ ਘਬਰਾ ਕੇ ਹਾਰ ਮੰਨ ਲੈਂਦੇ ਹਨ।