ਕੋਰੋਨਾ ਵਾਇਰਸ: ਵਧਦੇ ਮਾਮਲਿਆਂ ਵਿਚਾਲੇ ਬ੍ਰਿਟੇਨ ਨੇ ਭਾਰਤ ਨੂੰ 'ਰੈੱਡ ਲਿਸਟ' ’ਚ ਕੀਤਾ ਸ਼ਾਮਲ
UK ਵਿਚ ਭਾਰਤੀਆਂ ਦੀ ਐਂਟਰੀ ’ਤੇ ਰੋਕ
ਲੰਡਨ: ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਚਲਦਿਆਂ ਬ੍ਰਿਟੇਨ ਨੇ ਭਾਰਤ ਨੂੰ ਟ੍ਰੈਵਲ ‘ਰੈੱਡ ਲਿਸਟ’ ਵਿਚ ਸ਼ਾਮਲ ਕਰ ਲਿਆ ਹੈ। ਨਿਊਜ਼ ਏਜੰਸੀ ਏਐਫਪੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਰੋਕ ਲਗਾਈ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਦੌਰਾ ਰੱਦ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਫੈਸਲਾ ਆਇਆ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੇਨਕਾਕ ਨੇ ਕਿਹਾ ਕਿ ਬ੍ਰਿਟੇਨ ਦੀ ਦੇਸ਼ਾਂ ਦੀ ‘ਰੈੱਡ ਲਿਸਟ’ ਵਿਚ ਭਾਰਤ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਬ੍ਰਿਟੇਨ ਅਤੇ ਆਇਰਿਸ਼ ਲੋਕਾਂ ਤੋਂ ਇਲਾਵਾ ਭਾਰਤ ਤੋਂ ਕਿਸੇ ਦੇ ਵੀ ਆਉਣ ਉੱਤੇ ਰੋਕ ਲਗਾਈ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਵੀ ਵਾਪਸੀ ਮੌਕੇ ਹੋਟਲ ਵਿਚ 10 ਦਿਨਾਂ ਤੱਕ ਆਈਸੋਲੇਟ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਪਣਾ ਭਾਰਤ ਦੌਰਾ ਰੱਦ ਕਰ ਦਿੱਤਾ। ਭਾਰਤ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ।