ਭਾਰਤ ’ਚ ਹੋਣ ਵਾਲੇ ਐਸਸੀਓ ਸੰਮੇਲਨ ਵਿਚ ਹਿੱਸਾ ਲੈਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਘੱਟ ਹੋਣ ਦੀ ਉਮੀਦ

Pakistan FM Bilawal Bhutto Zardari (File Photo)

 

ਇਸਲਾਮਾਬਾਦ: ਪਾਕਿਸਤਾਨ ਨੇ ਐਲਾਨ ਕੀਤਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਗਲੇ ਮਹੀਨੇ ਭਾਰਤ 'ਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ 'ਚ ਸ਼ਾਮਲ ਹੋਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਘੱਟ ਹੋਣ ਦੀ ਉਮੀਦ ਹੈ। ਇਹ ਐਲਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਮਤਾਜ਼ ਜ਼ੇਹਰਾ ਬਲੋਚ ਨੇ ਇੱਥੇ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ 'ਚ ਫੌਜ ਦੀ ਗੱਡੀ ਨੂੰ ਲੱਗੀ ਅੱਗ, ਹਾਦਸੇ 'ਚ 4 ਜਵਾਨ ਸ਼ਹੀਦ

ਬਲੋਚ ਨੇ ਕਿਹਾ, "ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੇ ਗੋਆ ਵਿਚ 4-5 ਮਈ, 2023 ਨੂੰ ਹੋਣ ਵਾਲੀ ਐਸਸੀਓ ਵਿਦੇਸ਼ ਮੰਤਰੀ ਕੌਂਸਲ (ਸੀਐਫਐਮ) ਦੀ ਮੀਟਿੰਗ ਵਿਚ ਪਾਕਿਸਤਾਨ ਦੇ ਵਫ਼ਦ ਦੀ ਅਗਵਾਈ ਕਰਨਗੇ।" ਬਲੋਚ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ, ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੱਦੇ 'ਤੇ ਸੰਮੇਲਨ 'ਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਪਤਨੀ ਨੂੰ ਪੁੱਛਗਿੱਛ ਮਗਰੋਂ ਏਅਰਪੋਰਟ ਤੋਂ ਭੇਜਿਆ ਗਿਆ ਵਾਪਸ, ਨਹੀਂ ਜਾ ਸਕੀ ਯੂਕੇ

ਉਨ੍ਹਾਂ ਕਿਹਾ, "ਮੀਟਿੰਗ ਵਿਚ ਸਾਡੀ ਸ਼ਮੂਲੀਅਤ ਐਸਸੀਓ ਚਾਰਟਰ ਅਤੇ ਪ੍ਰਕਿਰਿਆਵਾਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਅਤੇ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿਚ ਇਸ ਖੇਤਰ ਨੂੰ ਦਿੱਤੇ ਜਾਣ ਵਾਲੇ ਮਹੱਤਵ ਨੂੰ ਦਰਸਾਉਂਦੀ ਹੈ।" ਹਾਲ ਹੀ ਦੇ ਸਾਲਾਂ 'ਚ ਕਿਸੇ ਪਾਕਿਸਤਾਨੀ ਨੇਤਾ ਦੀ ਭਾਰਤ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ।  

ਇਹ ਵੀ ਪੜ੍ਹੋ: ਫਰਾਰ AIS ਰਾਜਜੀਤ ਸਿੰਘ ਰਿਕਾਰਡ 'ਚ ਹੇਰਾਫੇਰੀ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਨਾਮਜ਼ਦ

ਜ਼ਿਕਰਯੋਗ ਹੈ ਕਿ ਐਸਸੀਓ ਦੀ ਸਥਾਪਨਾ 2001 ਵਿਚ ਸ਼ੰਘਾਈ ਵਿਚ  ਹੋਏ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੇ ਇਕ ਸੰਮੇਲਨ ਵਿਚ ਕੀਤੀ ਗਈ ਸੀ। ਬਾਅਦ ਦੇ ਸਾਲਾਂ ਵਿਚ ਇਹ ਸਭ ਤੋਂ ਵੱਡੇ ਖੇਤਰੀ ਸੰਗਠਨਾਂ ਵਿਚੋਂ ਇਕ ਵਜੋਂ ਉਭਰਿਆ। ਭਾਰਤ ਅਤੇ ਪਾਕਿਸਤਾਨ 2017 ਵਿਚ ਚੀਨ ਅਧਾਰਤ ਐਸਸੀਓ ਦੇ ਸਥਾਈ ਮੈਂਬਰ ਬਣੇ ਸਨ।