ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਸੁੰਘਣ ਸ਼ਕਤੀ ਖੋ ਚੁੱਕੇ ਲੋਕਾਂ ਲਈ ਮਾਹਰਾਂ ਨੇ ਲੱਭੇ ਇਲਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਮਾਮਲੇ ਅਜਿਹੇ ਵੀ ਸਾਹਮਣੇ ਆ ਰਹੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਵਜੂਦ ਕਈ ਲੋਕ ਸੁੰਘਣ ਸ਼ਕਤੀ ਖੋ ਚੁੱਕੇ ਹਨ।

Loss of smell after covid

ਨਿਊਯਾਰਕ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਹੁਣ ਤੱਕ ਇਸ ਵਾਇਰਸ ਦੀ ਚਪੇਟ ਵਿਚ ਆ ਕੇ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਆਮ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਮਰੀਜ਼ਾ ਦੀ ਸੁੰਘਣ ਸਮਰੱਥਾ ਖ਼ਤਮ ਹੋ ਜਾਂਦੀ ਹੈ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆ ਰਹੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਵਜੂਦ ਕਈ ਲੋਕ ਸੁੰਘਣ ਸ਼ਕਤੀ ਖੋ ਚੁੱਕੇ ਹਨ।

ਅਜਿਹੇ ਲੋਕਾਂ ਦੇ ਇਲਾਜ ਲਈ ਨਿਊਯਾਰਕ ਦੀ ਇਕ ਫ੍ਰੈਗਰੇਂਸ ਐਕਸਪ੍ਰਟ ਨੇ 18 ਤਰ੍ਹਾਂ ਦੇ ਫਲੇਵਰ ਤਿਆਰ ਕੀਤੇ ਹਨ। ਦਰਅਸਲ 13 ਸਾਲ ਦੇ ਸਾਹਿਲ ਸ਼ਾਹ ਨੂੰ ਪਿਛਲੇ ਸਾਲ ਨਵੰਬਰ ਵਿਚ ਕੋਰੋਨਾ ਹੋਇਆ ਸੀ। ਉਸ ਦੀ ਸੁੰਘਣ ਸ਼ਕਤੀ ਖਤਮ ਹੋ ਗਈ ਤੇ ਉਸ ਦੇ ਪਰਿਵਾਰ ਨੇ ਇਲਾਜ ਲਈ ਨਿਊਰੋਲੋਜਿਸਟ, ਨਿਊਰੋਸਰਜਨ ਅਤੇ ਈਐਟੀ ਮਾਹਰਾਂ ਸਮੇਤ ਕਈ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਇਹ ਸਮੱਸਿਆ ਖਤਮ ਨਹੀਂ ਹੋਈ।

ਇਸ ਤੋਂ ਬਾਅਦ ਸਾਹਿਲ ਦੇ ਪਿਤਾ ਨੇ ਕਿਸੇ ਦੇ ਸੁਝਾਅ ਅਨੁਸਾਰ ਨਿਊਯਾਰਕ ਦੀ ਇਕ ਫ੍ਰੈਗਰੇਂਸ ਐਕਸਪ੍ਰਟ ਸੂ ਫਿਲਿਪਸ ਨਾਲ ਸੰਪਰਕ ਕੀਤਾ। ਸੁੰਘਣ ਸ਼ਕਤੀ ਖੋ ਚੁੱਕੇ ਲੋਕਾਂ ਨੂੰ ਠੀਕ ਕਰਨ ਲਈ ਫਿਲਿਪਸ ਨੇ 18 ਤਰ੍ਹਾਂ ਦੇ ਫਲੇਵਰ ਤਿਆਰ ਕੀਤੇ। ਇਲਾਜ ਦੀ ਸ਼ੁਰੂਆਤ ਗੁਲਾਬ, ਲੇਵੇਂਡਰ ਅਤੇ ਪੁਦੀਨੇ ਨੇਲ ਕੀਤੀ। ਫਿਲਿਪਸ ਨੇ ਦੱਸਿਆ ਕਿ ਕਈ ਲੋਕ ਇਸ ਦੇ ਸ਼ੁਰੂਆਤ ਵਿਚ ਹੀ ਠੀਕ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸੁੰਘਣ ਦੇ ਨਾਲ-ਨਾਲ ਇਸ ਨੂੰ ਦਿਮਾਗ ਵਿਚ ਮਹਿਸੂਸ ਕਰਨਾ ਚਾਹੀਦਾ ਹੈ। ਇਲਾਜ ਦੇ ਚਲਦਿਆਂ ਸਾਹਿਲ ਵਿਚ 25 ਫੀਸਦ ਸੁਧਾਰ ਹੋਇਆ ਹੈ।

ਹਾਰਵਰਡ ਯੂਨੀਵਰਸਿਟੀ ਦੇ ਨਿਊਰੋ-ਵਿਗਿਆਨੀ ਵੈਂਕਟੇਸ਼ ਮੂਰਤੀ ਮੁਤਾਬਕ ਕੁਝ ਬਦਬੂਆਂ ਯਾਦਾਂ ਅਤੇ ਭਾਵਨਾਵਾਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ,  ਫਿਲਿਪਸ ਵੀ ਅਜਿਹਾ ਹੀ ਕੁਝ ਕਰ ਰਹੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਖ਼ੁਸ਼ਬੂਆਂ ਦੀ ਵਰਤੋਂ ਨਾਲ ਕਿਸੇ ਵਿਅਕਤੀ ਦੀ ਸੁੰਘਣ ਸ਼ਕਤੀ ਬਹਾਲ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੈ।

ਇਸ ਤੋਂ ਇਲਾਵਾ ਬੈਲਜ਼ੀਅਮ ਦੀ ਐਨ ਲੇਰਕਵਿਨ ਦਾ ਮਾਮਲਾ ਵੱਖਰਾ ਸੀ। ਦਰਅਸਲ ਕੋਰੋਨਾ ਤੋਂ ਪਹਿਲਾਂ ਜੋ ਉਸ ਨੂੰ ਖੁਸ਼ਬੂ ਲੱਗਦੀ ਸੀ, ਉਹ ਹੁਣ ਬਦਬੂ ਲੱਗਦੀ ਹੈ। ਅਜਿਹੇ ਮਰੀਜ਼ਾਂ ਨੂੰ ਸਮੈਲ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇਸ ਵਿਚ ਉਹ ਅੱਖਾਂ ਬੰਦ ਕਰਕੇ ਦਿਨ ਵਿਚ ਦੋ ਵਾਰ ਵੱਖ-ਵੱਖ ਚੀਜ਼ਾਂ ਸੁੰਘਦੇ ਹਨ। ਐਨ ਲੇਰਕਵਿਨ ਦਾ ਇਲਾਜ ਕਰ ਰਹੀ ਡਾ. ਹੁਆਰਟ ਦਾ ਕਹਿਣਾ ਹੈ ਕਿ ਇਸ ਦੇ ਲਈ ਧਿਆਨ ਲਗਾਉਣਾ ਜ਼ਰੂਰੀ ਹੈ ਕਿਉਂਕਿ ਦਿਮਾਗ ਨੂੰ ਅਸਲ ਵਿਚ ਉਹਨਾਂ ਬਦਬੂਆਂ ਦੀ ਯਾਦ ਨੂੰ ਅਮਲ ਵਿਚ ਲਿਆਉਣਾ ਪੈਂਦਾ ਹੈ।