ਟਾਈਟੈਨਿਕ ਟੂਰਿਸਟ ਪਣਡੁੱਬੀ ਐਟਲਾਂਟਿਕ ਮਹਾਸਾਗਰ ’ਚ ਲਾਪਤਾ , ਜਹਾਜ ਦਾ ਮਲਬਾ ਦੇਖਣ ਜਾ ਰਹੇ ਸਨ ਯਾਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ , ਦੋ ਪਾਕਿਸਤਾਨੀ ਕਾਰੋਬਾਰੀਆਂ ਸਮੇਤ 5 ਯਾਤਰੀ ਸਨ ਸਵਾਰ

photo

 

ਅਮਰੀਕਾ : ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਸੈਲਾਨੀ ਪਣਡੁੱਬੀ 'ਟਾਈਟਨ' ਐਤਵਾਰ ਨੂੰ ਅਟਲਾਂਟਿਕ ਮਹਾਸਾਗਰ 'ਚ ਲਾਪਤਾ ਹੋ ਗਈ। ਟਾਈਟਨ ਪਣਡੁੱਬੀ ਵਿੱਚ ਇੱਕ ਪਾਇਲਟ ਅਤੇ 4 ਯਾਤਰੀ ਸਵਾਰ ਸਨ। ਇਨ੍ਹਾਂ 'ਚ ਬ੍ਰਿਟੇਨ ਦੇ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ ਅਤੇ ਪਾਕਿਸਤਾਨ ਦੇ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਆਪਣੇ ਬੇਟੇ ਨਾਲ ਸ਼ਾਮਲ ਹਨ। ਪਣਡੁੱਬੀ ਨੂੰ ਲੱਭਣ ਲਈ ਅਮਰੀਕਾ ਅਤੇ ਕੈਨੇਡਾ ਤੋਂ ਜਹਾਜ਼ ਭੇਜੇ ਗਏ ਹਨ।

ਦਿ ਗਾਰਡੀਅਨ ਮੁਤਾਬਕ 18 ਜੂਨ ਦੀ ਦੁਪਹਿਰ ਨੂੰ ਪਣਡੁੱਬੀ ਪਾਣੀ ਵਿਚ ਦਾਖਲ ਹੋਣ ਤੋਂ 1.45 ਘੰਟੇ ਬਾਅਦ ਰਾਡਾਰ ਤੋਂ ਗਾਇਬ ਹੋ ਗਈ ਸੀ। ਯੂਐਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਜੌਹਨ ਮਾਗਰ ਨੇ ਕਿਹਾ, 'ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਸਾਡੇ ਕੋਲ ਪਣਡੁੱਬੀ ਨੂੰ ਲੱਭਣ ਲਈ 70 ਘੰਟਿਆਂ ਤੋਂ 96 ਘੰਟੇ ਤੱਕ ਦਾ ਸਮਾਂ ਹੈ।' ਰਾਇਟਰਜ਼ ਮੁਤਾਬਕ ਇਸ ਪਣਡੁੱਬੀ ਵਿਚ 96 ਘੰਟੇ ਆਕਸੀਜਨ ਮੌਜੂਦ ਹੈ।

ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਣਡੁੱਬੀ ਅਜੇ ਵੀ ਪਾਣੀ ਵਿਚ ਹੈ ਜਾਂ ਸਤ੍ਹਾ 'ਤੇ ਆ ਗਈ ਹੈ। ਇੱਕ ਯੂਐਸ-ਕੈਨੇਡੀਅਨ ਬਚਾਅ ਟੀਮ ਨੇ ਕੇਪ ਕੋਡ ਦੇ ਪੂਰਬ ਵਿੱਚ ਲਗਭਗ 900 ਮੀਲ (1,450 ਕਿਲੋਮੀਟਰ) ਖੋਜ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਸੋਨਾਰ-ਬੁਆਏ ਵੀ ਪਾਣੀ ਵਿੱਚ ਛੱਡੇ ਗਏ ਹਨ, ਜੋ 13 ਹਜ਼ਾਰ ਫੁੱਟ ਦੀ ਡੂੰਘਾਈ ਤੱਕ ਨਿਗਰਾਨੀ ਰੱਖ ਸਕਦੇ ਹਨ। ਇਸ ਤੋਂ ਇਲਾਵਾ ਵਪਾਰਕ ਜਹਾਜ਼ਾਂ ਤੋਂ ਵੀ ਮਦਦ ਲਈ ਜਾ ਰਹੀ ਹੈ।