Canada News: ਕੈਨੇਡਾ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੂੰ 'ਅਤਿਵਾਦੀ' ਸਮੂਹ ਵਜੋਂ ਕੀਤਾ ਸੂਚੀਬੱਧ
ਇਰਾਨ ਨੇ ਇਸ ਸਬੰਧ 'ਚ ਅਜੇ ਤਕ ਕੋਈ ਬਿਆਨ ਨਹੀਂ ਦਿਤਾ ਹੈ।
Canada News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਈਰਾਨ ਦੀ IRGC ਨੂੰ ਅਤਿਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਕੈਨੇਡਾ ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਆਈਆਰਜੀਸੀ ਨੂੰ ਅਤਿਵਾਦੀ ਸੂਚੀ ਵਿਚ ਸ਼ਾਮਲ ਕਰਨ ਨਾਲ ਇਹ ਸਖ਼ਤ ਸੰਦੇਸ਼ ਗਿਆ ਹੈ ਕਿ ਕੈਨੇਡਾ ਆਈਆਰਜੀਸੀ ਦੀਆਂ ਸਾਰੀਆਂ ਅਤਿਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਕੈਨੇਡਾ ਦੇ ਇਸ ਕਦਮ ਤੋਂ ਬਾਅਦ ਹੁਣ ਨਜ਼ਰਾਂ ਈਰਾਨ 'ਤੇ ਹਨ। ਹਾਲਾਂਕਿ ਇਰਾਨ ਨੇ ਇਸ ਸਬੰਧ 'ਚ ਅਜੇ ਤਕ ਕੋਈ ਬਿਆਨ ਨਹੀਂ ਦਿਤਾ ਹੈ।
ਕੈਨੇਡਾ ਵਿਚ ਲੰਬੇ ਸਮੇਂ ਤੋਂ ਇਰਾਨ ਦੀ ਆਈਆਰਜੀਸੀ ਨੂੰ ਬਲੈਕਲਿਸਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਮੰਤਰੀ ਟਰੂਡੋ ਤੋਂ ਆਈਆਰਜੀਸੀ ਨੂੰ ਬਲੈਕਲਿਸਟ ਕਰਨ ਦੀ ਮੰਗ ਕਰ ਰਹੀ ਸੀ। ਕੈਨੇਡਾ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰ ਉਨ੍ਹਾਂ ਦਾ ਮੁੱਖ ਮੁੱਦਾ ਹੈ।
ਆਈਆਰਜੀਸੀ ਈਰਾਨ ਦਾ ਸੱਭ ਤੋਂ ਖਤਰਨਾਕ ਸੰਗਠਨ ਹੈ। ਇਸ ਦੀ ਸਥਾਪਨਾ ਇਸਲਾਮੀ ਕ੍ਰਾਂਤੀ ਤੋਂ ਬਾਅਦ ਹੋਈ ਸੀ। ਇਹ ਰਵਾਇਤੀ ਫ਼ੌਜਾਂ ਵਾਂਗ ਨਹੀਂ ਹੈ। ਇਹ ਈਰਾਨ ਦੀ ਬਦਲਵੀਂ ਤਾਕਤ ਹੈ। ਇਸ ਵਿਚ 1.90 ਲੱਖ ਸੈਨਿਕ ਹਨ। ਇਸ ਦੇ ਸੈਨਿਕ ਨੇਵੀ, ਆਰਮੀ ਅਤੇ ਏਅਰ ਫੋਰਸ ਵਿਚ ਸੇਵਾ ਕਰਦੇ ਹਨ ਇਹ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮਾਂ ਨੂੰ ਵੀ ਚਲਾਉਂਦਾ ਹੈ। ਉਸ ਸਮੇਂ ਇਹ ਬਹੁਤ ਛੋਟੀ ਫ਼ੌਜ ਸੀ। ਇਸ ਵਿਚ ਉਹ ਲੋਕ ਸ਼ਾਮਲ ਸਨ ਜੋ ਦੇਸ਼ ਵਿਚ ਇਸਲਾਮਿਕ ਕ੍ਰਾਂਤੀ ਚਾਹੁੰਦੇ ਸਨ। ਈਰਾਨ ਪਹਿਲਾਂ ਬਹੁਤ ਆਧੁਨਿਕ ਦੇਸ਼ ਸੀ। ਬਾਅਦ ਵਿਚ ਜਦੋਂ ਇਥੇ ਇਸਲਾਮੀ ਕਾਨੂੰਨ ਲਾਗੂ ਹੋਏ ਤਾਂ ਇਸ ਦਾ ਕਾਫੀ ਵਿਰੋਧ ਹੋਇਆ। ਇਸ ਤੋਂ ਬਾਅਦ ਈਰਾਨ ਦੇ ਇਸ ਸਮੂਹ ਨੇ ਇਸ ਕਾਨੂੰਨ ਨੂੰ ਜਾਇਜ਼ ਮੰਨ ਲਿਆ।
ਇਹ ਫ਼ੌਜ ਨਾ ਸਿਰਫ ਘਰੇਲੂ ਸੰਕਟ ਦੌਰਾਨ ਦੇਸ਼ ਦੀ ਰੱਖਿਆ ਕਰਦੀ ਹੈ ਸਗੋਂ ਦੇਸ਼ ਨੂੰ ਵਿਦੇਸ਼ੀ ਖਤਰਿਆਂ ਤੋਂ ਵੀ ਸੁਰੱਖਿਅਤ ਰੱਖਦੀ ਹੈ। ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ ਅਤੇ ਯੂਰਪੀ ਸੰਘ ਈਰਾਨ ਦੀ ਇਸ ਵਿਸ਼ੇਸ਼ ਫੋਰਸ ਨੂੰ ਜਲਦ ਹੀ ਅਤਿਵਾਦੀ ਸੰਗਠਨ ਐਲਾਨਣ ਦੀ ਤਿਆਰੀ ਕਰ ਰਹੇ ਹਨ। ਇਸ ਫ਼ੌਜ ਨੂੰ ਬਲੈਕਲਿਸਟ ਕਰਨ ਨਾਲ ਇਸ 'ਤੇ ਵੱਡਾ ਅਸਰ ਪੈਣਾ ਤੈਅ ਹੈ। ਹੁਣ ਜੋ ਵੀ ਇਸ ਦੀ ਮਦਦ ਕਰੇਗਾ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ 'ਚ ਇਸ ਦੀ ਜਾਇਦਾਦ ਘੋਸ਼ਿਤ ਕੀਤੀ ਗਈ ਹੈ, ਉਨ੍ਹਾਂ ਨੂੰ ਵੀ ਫਰੀਜ਼ ਕੀਤਾ ਜਾ ਸਕਦਾ ਹੈ।