ਲਿਜ਼ ਟਰੱਸ ਵੱਲੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾਊਨਿੰਗ ਸਟ੍ਰੀਟ ਦੇ ਬਾਹਰ ਲਿਜ਼ ਨੇ ਕਿਹਾ, "ਮੈਂ ਉਹ ਨਹੀਂ ਕਰ ਸਕੀ ਜਿਸ ਲਈ ਮੈਨੂੰ ਚੁਣਿਆ ਗਿਆ ਸੀ।"

Liz Truss Resigns As UK PM

 

ਲੰਡਨ - ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਕੰਜ਼ਰਵੇਟਿਵ ਪਾਰਟੀ ਵਿੱਚ ਆਪਣੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ।ਡਾਊਨਿੰਗ ਸਟ੍ਰੀਟ ਦੇ ਬਾਹਰ ਲਿਜ਼ ਨੇ ਕਿਹਾ, "ਮੈਂ ਉਹ ਨਹੀਂ ਕਰ ਸਕੀ ਜਿਸ ਲਈ ਮੈਨੂੰ ਚੁਣਿਆ ਗਿਆ ਸੀ।" ਲਿਜ਼ ਨੇ ਕਿਹਾ ਕਿ ਉਸ ਨੇ ਮਹਾਰਾਜਾ ਚਾਰਲਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਰੂਪ 'ਚ ਅਸਤੀਫ਼ਾ ਦੇ ਰਹੀ ਹੈ। ਲਿਜ਼ ਟਰੱਸ ਸਿਰਫ਼ 45 ਦਿਨਾਂ ਲਈ ਪ੍ਰਧਾਨ ਮੰਤਰੀ ਰਹੀ। ਇਹ ਕਿਸੇ ਵੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਹੈ।

ਟਰੱਸ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਮਿਲੇ ਜਨਾਦੇਸ਼ ਦੀ ਪਾਲਣਾ ਕਰਨ ਵਿੱਚ ਅਸਮਰੱਥ ਸੀ ਅਤੇ ਇਸ ਤਰ੍ਹਾਂ ਲੰਡਨ ਵਿੱਚ 10 ਡਾਊਨਿੰਗ ਸਟ੍ਰੀਟ ਵਿੱਚ ਸਿਰਫ਼ 45 ਦਿਨਾਂ ਵਿੱਚ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ। 47 ਸਾਲਾ ਟਰੱਸ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਕੰਮ-ਕਾਰ ਦੇਖਦੇ ਰਹਿਣਗੇ। ਕਨਜ਼ਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਅਗਲੇ ਹਫ਼ਤੇ ਤੱਕ ਪੂਰੀ ਕੀਤੀ ਜਾ ਸਕਦੀ ਹੈ। ਚੋਣਾਂ ਵਿੱਚ ਟਰੱਸ ਦੇ ਮੁੱਖ ਵਿਰੋਧੀ ਰਹੇ ਰਿਸ਼ੀ ਸੁਨਕ ਨੂੰ ਹੁਣ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ, ਪਰ ਆਪ 'ਚ ਵੰਡੀ ਹੋਈ ਟੋਰੀ ਪਾਰਟੀ ਇਸ ਬਾਰੇ ਅਜੇ ਤੱਕ ਸਹਿਮਤੀ ਨਹੀਂ ਬਣਾ ਸਕੀ। ਵਿਰੋਧੀ ਲੇਬਰ ਪਾਰਟੀ ਨੇ ਤੁਰੰਤ ਆਮ ਚੋਣਾਂ ਕਰਵਾਉਣ ਦੀ ਆਪਣੀ ਮੰਗ ਦੁਹਰਾਈ ਹੈ।

10 ਡਾਊਨਿੰਗ ਸਟ੍ਰੀਟ ਦੇ ਬਾਹਰ ਆਪਣੇ ਸੰਖੇਪ ਬਿਆਨ ਵਿੱਚ ਟਰੱਸ ਨੇ ਕਿਹਾ - "ਮੇਰਾ ਮੰਨਣਾ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਉਸ ਜਨਾਦੇਸ਼ ਦਾ ਪਾਲਣ ਨਹੀਂ ਕਰ ਸਕੀ, ਜਿਸ 'ਤੇ ਕਨਜ਼ਰਵੇਟਿਵ ਪਾਰਟੀ ਨੇ ਮੈਨੂੰ ਚੁਣਿਆ ਸੀ।" ਟਰੱਸ ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਚਾਰਲਸ ਤੀਜੇ ਨੂੰ ਆਪਣੇ ਅਸਤੀਫ਼ੇ ਦੀ ਜਾਣਕਾਰੀ ਦੇ ਦਿੱਤੀ ਹੈ, ਅਤੇ ਟੋਰੀ ਲੀਡਰਸ਼ਿਪ ਚੋਣ ਦੇ ਇੰਚਾਰਜ 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ ਨਾਲ ਵੀ ਮੁਲਾਕਾਤ ਕੀਤੀ ਹੈ।

ਉਨ੍ਹਾਂ ਕਿਹਾ, “ਅਸੀਂ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਲੀਡਰਸ਼ਿਪ ਦੀ ਚੋਣ ਅਗਲੇ ਹਫ਼ਤੇ ਤੱਕ ਪੂਰੀ ਕੀਤੀ ਜਾਣੀ ਹੈ। ਇਸ ਨਾਲ ਯਕੀਨੀ ਬਣੇਗਾ ਕਿ ਅਸੀਂ ਆਪਣੀਆਂ ਵਿੱਤੀ ਯੋਜਨਾਵਾਂ ਨੂੰ ਪੂਰਾ ਕਰਨ ਦੇ ਮਾਰਗ 'ਤੇ ਕਦਮ ਵਧਾਈਏ ਅਤੇ ਆਪਣੇ ਦੇਸ਼ ਦੀ ਆਰਥਿਕ ਸਥਿਰਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖੀਏ। ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਮੈਂ ਪ੍ਰਧਾਨ ਮੰਤਰੀ ਰਹਾਂਗੀ।"ਟਰੱਸ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਸੀ। ਉਨ੍ਹਾਂ ਤੋਂ ਪਹਿਲਾਂ ਮਾਰਗਰੇਟ ਥੈਚਰ ਅਤੇ ਥੇਰੇਸਾ ਮੇਅ ਇਸ ਅਹੁਦੇ 'ਤੇ ਰਹਿ ਚੁੱਕੀਆਂ ਹਨ। ਕਨਜ਼ਰਵੇਟਿਵ ਪਾਰਟੀ ਦੇ ਆਗੂ ਦੀ ਦੌੜ ਵਿੱਚ ਸੁਨਕ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ, ਪਰ ਪਾਰਟੀ ਅੰਦਰਲੀ ਖਿੱਚੋਤਾਣ ਕਾਰਨ ਤਸਵੀਰ ਅਜੇ ਸਪੱਸ਼ਟ ਨਹੀਂ ਹੈ।

ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ 2019 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਨੂੰ ਮਿਲੇ ਭਾਰੀ ਫ਼ਤਵੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ। ਹਾਲਾਂਕਿ, ਟਰੱਸ ਦੀਆਂ ਮੌਜੂਦਾ ਮੁਸੀਬਤਾਂ ਇਸ ਗੱਲ ਦੀ ਯਾਦ ਦਿਵਾਉਂਦੀਆਂ ਹਨ ਕਿ ਕਿਵੇਂ ਜਾਨਸਨ ਨੂੰ ਉਸ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਵੱਲੋਂ ਕੀਤੀ ਖੁੱਲ੍ਹੀ ਬਗ਼ਾਵਤ ਵਿਚਕਾਰ ਅਹੁਦਾ ਛੱਡਣ ਅਤੇ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਇੱਕ ਦਿਨ ਪਹਿਲਾਂ ਹੀ ਟਰੱਸ ਦੀ ਕੈਬਿਨੇਟ ਤੋਂ ਸੁਏਲਾ ਬ੍ਰੇਵਰਮੈਨ ਨੇ ਅਸਤੀਫ਼ਾ ਦਿੱਤਾ ਸੀ।