ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਦਿੱਤਾ ਅਸਤੀਫ਼ਾ, ਸੁਏਲਾ ਬ੍ਰੇਵਰਮੈਨ ਨੂੰ ਮਿਲ ਸਕਦੀ ਹੈ ਥਾਂ
ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੇ ਅਸਤੀਫ਼ੇ ਵਿਚ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਸੰਸਦ ਵਿਚ ਚੁਣੇ ਗਏ ਪ੍ਰਧਾਨ ਮੰਤਰੀ ਲਿਜ਼ ਟਰਸ ਦਾ ਸਮਰਥਨ ਕਰਨਗੇ।
ਲੰਡਨ: ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਰਤੀ ਮੂਲ ਦੀ ਪਟੇਲ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੇ ਅਸਤੀਫ਼ੇ ਵਿਚ ਕਿਹਾ ਹੈ ਕਿ ਉਹ ਸੰਸਦ ਵਿਚ ਚੁਣੇ ਗਏ ਪ੍ਰਧਾਨ ਮੰਤਰੀ ਲਿਜ਼ ਟਰਸ ਦਾ ਸਮਰਥਨ ਕਰਨਗੇ।
ਇਹ ਕਿਆਸ ਲਗਾਏ ਜਾ ਰਹੇ ਸਨ ਕਿ ਜਾਨਸਨ ਦੇ ਕਰੀਬੀ ਅਤੇ ਭਾਰਤੀ ਮੂਲ ਦੇ ਸੀਨੀਅਰ ਮੰਤਰੀ ਪਟੇਲ ਨੂੰ ਟਰਸ ਦੇ ਕਰੀਬੀ ਸਹਿਯੋਗੀਆਂ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। 50 ਸਾਲਾ ਪਟੇਲ ਨੇ ਜਾਨਸਨ ਨੂੰ ਲਿਖੇ ਪੱਤਰ ਵਿਚ ਅਹੁਦਾ ਸੰਭਾਲਣ ਦੌਰਾਨ ਆਪਣੀਆਂ ਕਈ ਪ੍ਰਾਪਤੀਆਂ ਦੀ ਰੂਪ ਰੇਖਾ ਦੱਸੀ ਹੈ। ਉਹਨਾਂ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਅਤੇ ਹੋਰ ਦੇਸ਼ਾਂ ਨਾਲ ਇਮੀਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦਾ ਜ਼ਿਕਰ ਕੀਤਾ।
ਉਹਨਾਂ ਨੇ ਆਪਣੇ ਅਸਤੀਫੇ 'ਚ ਲਿਖਿਆ, ''ਮੈਂ ਲਿਜ਼ ਟਰਸ ਨੂੰ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ 'ਤੇ ਵਧਾਈ ਦਿੰਦੀ ਹਾਂ ਅਤੇ ਸਾਡੇ ਨਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੂੰ ਆਪਣਾ ਸਮਰਥਨ ਦਿੰਦੀ ਹਾਂ।'' ਪ੍ਰੀਤੀ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਗ੍ਰਹਿ ਮੰਤਰਾਲੇ ਦਾ ਚਾਰਜ ਭਾਰਤੀ ਮੂਲ ਦੀ ਇਕ ਹੋਰ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਸੁਏਲਾ ਬ੍ਰੇਵਰਮੈਨ ਨੂੰ ਲਿਜ਼ ਟਰਸ ਦਾ ਕਰੀਬੀ ਮੰਨਿਆ ਜਾਂਦਾ ਹੈ।