ਇਟਲੀ ’ਚ ਕੋਰੋਨਾ ਲਈ ਟੀਕਾਕਰਣ ਦੀ ਪ੍ਰਕਿਰਿਆ ਜਨਵਰੀ ਤੋਂ ਹੋਵੇਗੀ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਇਰਸ ਐਮਰਜੈਂਸੀ ਸਬੰਧੀ ਇਟਲੀ ਦੇ ਵਿਸ਼ੇਸ਼ ਕਮਿਸ਼ਨਰ ਡੈਮਨੀਕੋ ਅਰਕਰੀ ਨੇ ਦਿਤੀ ਜਾਣਕਾਰੀ

Corona vaccine

ਰੋਮ : ਇਟਲੀ ਵਿਚ ਜੋ ਵੀ ਲੋਕ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਗਲੇ ਸਾਲ ਸਤੰਬਰ ਤਕ ਟੀਕੇ ਦੀਆਂ ਸਾਰੀਆਂ ਖੁਰਾਕਾਂ ਮਿਲ ਜਾਣਗੀਆਂ। ਵਾਇਰਸ ਐਮਰਜੈਂਸੀ ਸਬੰਧੀ ਇਟਲੀ ਦੇ ਵਿਸ਼ੇਸ਼ ਕਮਿਸ਼ਨਰ ਡੈਮਨੀਕੋ ਅਰਕਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ।

ਉਨ੍ਹਾਂ ਕਿਹਾ ਕਿ ਟੀਕੇ ਦੀ ਪਹਿਲੀ ਖੁਰਾਕ ਜਨਵਰੀ ਤਕ ਮਿਲ ਸਕੇਗੀ। ਅਰਕਰੀ ਨੇ ਕਿਹਾ ਕਿ ਯੂਰਪੀ ਸੰਘ ਤੋਂ ਖਰੀਦ ਪ੍ਰੋਗਰਾਮ ਤਹਿਤ ਇਟਲੀ ਨੂੰ ਜਨਵਰੀ ਦੇ ਦੂਜੇ ਹਫ਼ਤੇ ਤੋਂ ਬਾਅਦ ਫਾਈਜ਼ਰ ਟੀਕੇ ਦੀਆਂ 34 ਲੱਖ ਖੁਰਾਕਾਂ ਮਿਲਣੀਆਂ ਹਨ, ਜੋ ਇਟਲੀ ਦੀ 6 ਕਰੋੜ ਜਨਤਾ ਵਿਚੋਂ 16 ਲੱਖ ਨੂੰ ਜ਼ਰੂਰੀ ਦੋ ਖੁਰਾਕਾਂ ਦੇਣ ਦੇ ਲਿਹਾਜ ਨਾਲ ਕਾਫੀ ਹਨ।

ਉਨ੍ਹਾਂ ਕਿਹਾ ਕਿ ਬਜ਼ੁਰਗ ਲੋਕ ਅਤੇ ਅਜਿਹੇ ਲੋਕ ਜਿਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ ਹੈ, ਉਨ੍ਹਾਂ ਨੂੰ ਟੀਕਾ ਲਗਾਉਣ ਲਈ ਪਹਿਲ ਕੀਤੀ ਜਾਵੇਗੀ। ਰੋਮ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਅਰਕਰੀ ਨੇ ਕਿਹਾ ਕਿ ਟੀਕਾਕਰਣ ਦੀ ਇਹ ਵੱਡੀ ਮੁਹਿੰਮ ਹੋਵੇਗੀ, ਨਾ ਸਿਰਫ ਇਟਲੀ ਵਿਚ ਸਗੋਂ ਯੂਰਪ ਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਵੀ।

ਅਰਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫਾਈਜ਼ਰ ਨੂੰ ਯੂਰਪੀ ਮੈਡੀਕਲ ਏਜੰਸੀ ਤੋਂ ਮਿਲਣ ਵਾਲੀ ਮਾਨਤਾ ਦੀ ਪ੍ਰਕਿਰਿਆ ਸਮੇਂ ’ਤੇ ਪੂਰੀ ਹੋ ਜਾਵੇਗੀ ਤਾਂ ਕਿ ਟੀਕੇ ਦੀ ਪਹਿਲੀ ਖੁਰਾਕ ਜਨਵਰੀ ਵਿਚ ਲੋਕਾਂ ਨੂੰ ਦਿਤੀ ਜਾਵੇਗੀ। ਯੂਰਪ ਵਿਚ ਬਿ੍ਰਟੇਨ ਦੇ ਬਾਅਦ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਇਟਲੀ ਵਿਚ ਹੀ ਹੈ। ਇੱਥੇ ਕੋਰੋਨਾ ਕਾਰਨ 47,800 ਲੋਕਾਂ ਦੀ ਮੌਤ ਹੋ ਚੁੱਕੀ ਹੈ।