ਅਮਰੀਕਾ ਵਿਚ ਸਿੱਖ ਵਿਦਿਆਰਥੀ ਯੂਨੀਵਰਸਿਟੀ 'ਚ ਪਾ ਸਕਣਗੇ ਕਿਰਪਾਨ, ਇਹ ਹਨ ਸ਼ਰਤਾਂ
ਯੂਨੀਵਰਸਿਟੀ ਦੀ ਨੀਤੀ ਅਨੁਸਾਰ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ।
ਵਸ਼ਿੰਗਟਨ - ਅਮਰੀਕਾ ਵਿਚ ਪੜ੍ਹ ਰਹੇ ਸਿੱਖ ਵਿਦਿਆਰਥੀ ਹੁਣ ਸਿੱਖਿਆ ਸੰਸਥਾ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦਾ ਪ੍ਰਤੀਕ) ਪਹਿਨ ਸਕਣਗੇ। ਯੂਨੀਵਰਸਿਟੀ ਨੇ ਆਪਣੀ ਕੈਂਪਸ ਆਨ ਹਥਿਆਰਾਂ ਦੀ ਨੀਤੀ ਨੂੰ ਅਪਡੇਟ ਕੀਤਾ ਹੈ। ਇਹ ਫੈਸਲਾ ਦੋ ਮਹੀਨੇ ਪਹਿਲਾਂ ਇੱਕ ਸਿੱਖ ਵਿਦਿਆਰਥੀ ਦੀ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ।
ਸਤੰਬਰ ਵਿਚ, ਇੱਕ ਸਿੱਖ ਵਿਦਿਆਰਥੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਕਿਰਪਾਨ (ਸਿਰੀ ਸਾਹਿਬ) ਪਹਿਨ ਕੇ ਪਹੁੰਚਿਆ ਸੀ ਜਿਸ ਤੋਂ ਬਾਅਦ ਉਸ ਨੂੰ ਉਤਾਰਨ ਲਈ ਕਿਹਾ ਗਿਆ ਸੀ। ਅਜਿਹਾ ਨਾ ਕਰਨ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯੂਨੀਵਰਸਿਟੀ ਦੀ ਨੀਤੀ ਅਨੁਸਾਰ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ।
ਯੂਨੀਵਰਸਿਟੀ ਨੇ ਇੱਕ ਬਿਆਨ ਵਿਚ ਕਿਹਾ- ਅਸੀਂ ਦ ਸਿੱਖ ਕੁਲੀਸ਼ਨ ਅਤੇ ਗਲੋਬਲ ਸਿੱਖ ਕੌਂਸਲ ਸਮੇਤ ਕਈ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੁਰਾਣੀ ਨੀਤੀ ਵਿੱਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਦੇ ਚਾਂਸਲਰ ਸ਼ੈਰਨ ਐਲ. ਗੈਬਰ ਅਤੇ ਮੁੱਖ ਵਿਭਿੰਨਤਾ ਅਧਿਕਾਰੀ ਬ੍ਰਾਂਡਨ ਐਲ. ਵੁਲਫ ਨੇ ਕਿਹਾ - ਅਸੀਂ ਕਿਰਪਾਨ ਲੈ ਕੇ ਜਾਣ ਵਾਲੇ ਵਿਦਿਆਰਥੀ ਦੀ ਗ੍ਰਿਫਤਾਰੀ ਲਈ ਮੁਆਫ਼ੀ ਮੰਗਦੇ ਹਾਂ। ਨਵੀਂ ਨੀਤੀ ਲਈ ਲਏ ਗਏ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।