ਕਿਸ ਤਰ੍ਹਾਂ ਹੈਕ ਕੀਤੀ ਜਾਂਦੀ ਹੈ ਈਵੀਐਮ, ਅਮਰੀਕੀ ਮਾਹਿਰਾਂ ਨੇ ਦਿਤਾ ਲਾਈਵ ਡੈਮੋ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਵਿਚ ਚੋਣ ਕਮਿਸ਼ਨ ਹਮੇਸ਼ਾ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਹੈ ਕਿ ਈਵੀਐਮ ਮਸ਼ੀਨ ਹੈਕ ਕੀਤੀ ਜਾ ਸਦਕੀ ਹੈ। 

EVMs

ਲੰਡਨ : ਭਾਰਤ ਵਿਚ ਆਮ ਚੋਣਾਂ ਨੂੰ ਹੁਣ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਚੋਣਾਂ ਤੋਂ ਠੀਕ ਪਹਿਲਾਂ ਲੰਡਨ ਵਿਚ ਈਵੀਐਮ 'ਤੇ ਅਮਰੀਕੀ ਸਾਈਬਰ ਮਾਹਿਰਾਂ ਨੇ ਇਕ ਅਹਿਮ ਪ੍ਰੈਜ਼ੈਂਟੇਸ਼ਨ ਦਿਤੀ ਜਿਸ ਵਿਚ ਉਹਨਾਂ ਦੱਸਿਆ ਕਿ ਭਾਰਤ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਕਿਸ ਤਰ੍ਹਾਂ ਅਤੇ ਕਿੰਨੇ ਸੌਖੇ ਤਰੀਕੇ ਨਾਲ ਹੈਕ ਕੀਤਾ ਜਾ ਸਦਕਾ ਹੈ। ਹਾਲਾਂਕਿ ਭਾਰਤ ਵਿਚ ਚੋਣ ਕਮਿਸ਼ਨ ਹਮੇਸ਼ਾ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਹੈ ਕਿ ਈਵੀਐਮ ਮਸ਼ੀਨ ਹੈਕ ਕੀਤੀ ਜਾ ਸਦਕੀ ਹੈ। 

ਇਸ ਪੂਰੇ ਪ੍ਰੋਗਰਾਮ ਨੂੰ ਯੂਰਪ ਦੇ ਭਾਰਤੀ ਪੱਤਰਕਾਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜਿਹਨਾਂ ਅਮਰੀਕੀ ਮਾਹਿਰਾਂ ਦੀ ਮਦਦ ਲਈ ਗਈ ਉਹਨਾਂ ਨੇ ਹੀ ਭਾਰਤ ਲਈ ਈਵੀਐਮ ਮਸ਼ੀਨਾਂ ਨੂੰ ਤਿਆਰ ਕੀਤਾ ਸੀ। ਇਸ ਸੰਗਠਨ ਵੱਲੋਂ ਭੇਜੇ ਗਏ ਸੱਦੇ ਵਿਚ ਇਹ ਲਿਖਿਆ ਗਿਆ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਸ਼ੀਨ ਨਾ ਸਿਰਫ ਸੌਖੇ ਤਰੀਕੇ ਨਾਲ ਹੈਕ ਕੀਤੀ ਜਾ ਸਦਕੀ ਹੈ ਸਗੋਂ ਇਸ ਨੂੰ ਬੀਤੇ ਦਿਨੀਂ ਹੋਈਆਂ ਭਾਰਤੀ ਚੋਣਾਂ ਦੌਰਾਨ ਹੈਕ ਵੀ ਕੀਤਾ ਗਿਆ ਸੀ।

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਦੀ ਕਿਸੇ ਪ੍ਰੈਜ਼ੈਂਟੇਸ਼ਨ ਦੀ ਕੋਈ ਜਾਣਕਾਰੀ ਨਹੀਂ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆਏ ਹਾਂ ਕਿ ਭਾਰਤ ਵਿਚ ਵਰਤੋਂ ਵਿਚ ਲਿਆਈਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਿਸੇ ਵੀ ਹਾਲ ਵਿਚ ਸੰਭਵ ਨਹੀਂ ਹੈ। ਸੰਸਦ ਦਾ ਕਾਰਜਕਾਲ ਮਈ ਵਿਚ ਖਤਮ ਹੋ ਰਿਹਾ ਹੈ ਅਤੇ ਮੱਧ ਮਈ ਵਿਚ ਨਵੀਂ ਸਰਕਾਰ ਬਣ ਜਾਵੇਗੀ।

ਆਮ ਆਦਮੀ ਪਾਰਟੀ, ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਸਮੇਤ ਕਈ ਦਲ ਈਵੀਐਮ ਰਾਹੀਂ ਵੋਟਿੰਗ ਪ੍ਰਣਾਲੀ ਵਿਚ ਛੇੜਛਾੜ ਦਾ ਇਲਜ਼ਾਮ ਲਗਾਉਂਦੇ ਆ ਰਹੇ ਹਨ। ਆਈਜੀਏ ਨੇ ਇਸ ਗੱਲ ਬਾਰੇ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਹੈ ਕਿ ਆਖਰ ਲੰਡਨ ਵਿਚ ਇਸ ਲਾਈਵ ਡੈਮੋ ਦਾ ਕਾਰਨ ਕੀ ਹੈ। ਜਿਹਨਾਂ ਨੇ ਇਹ ਪ੍ਰੈਜ਼ੈਂਟੇਸ਼ਨ ਦਿਤੀ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ।