ਗ੍ਰੀਨਲੈਂਡ ਨੂੰ ਪ੍ਰਾਪਤ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਾਂਗਾ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਅਮਰੀਕਾ ਨੂੰ ਗ੍ਰੀਨਲੈਂਡ ਦੀ ਰਣਨੀਤਕ ਕਾਰਨਾਂ ਕਰ ਕੇ ਜ਼ਰੂਰਤ ਹੈ, ਨਾ ਕਿ ਬਰਫ ਦੇ ਹੇਠਾਂ ਦੱਬੇ ਹੋਏ ਦੁਰਲੱਭ ਧਰਤੀ ਦੇ ਖਣਿਜਾਂ ਦੀ ਵੱਡੀ ਮਾਤਰਾ ਲਈ

Donald Trump

ਦਾਵੋਸ (ਸਵਿਟਜ਼ਰਲੈਂਡ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਗ੍ਰੀਨਲੈਂਡ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਸ ਵਿਚ ਪੂਰੀ ਮਲਕੀਅਤ ਸ਼ਾਮਲ ਹੈ’, ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਪ੍ਰਾਪਤ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਅਮਰੀਕਾ ਹੀ ਖਣਿਜ ਪਦਾਰਥਾਂ ਨਾਲ ਭਰਪੂਰ ਇਸ ਟਾਪੂ ਦੀ ਸੁਰੱਖਿਆ ਕਰ ਸਕਦਾ ਹੈ। 

ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਗ੍ਰੀਨਲੈਂਡ ਦੀ ਰਣਨੀਤਕ ਕਾਰਨਾਂ ਕਰ ਕੇ ਜ਼ਰੂਰਤ ਹੈ, ਕਿਉਂਕਿ ਇਹ ਅਮਰੀਕਾ, ਚੀਨ ਅਤੇ ਰੂਸ ਦੇ ਵਿਚਕਾਰ ਹੈ, ਨਾ ਕਿ ਬਰਫ ਦੇ ਹੇਠਾਂ ਦੱਬੇ ਹੋਏ ਦੁਰਲੱਭ ਧਰਤੀ ਦੇ ਖਣਿਜਾਂ ਦੀ ਵੱਡੀ ਮਾਤਰਾ ਲਈ। ਉਨ੍ਹਾਂ ਕਿਹਾ ਕਿ ਗ੍ਰੀਨਲੈਂਡ ਜ਼ਮੀਨ ਨਹੀਂ ਬਲਕਿ ਬਰਫ ਦਾ ਇਕ  ਵੱਡਾ ਟੁਕੜਾ ਹੈ। 

ਬੁਧਵਾਰ  ਨੂੰ ਵਿਸ਼ਵ ਆਰਥਕ  ਮੰਚ ਉਤੇ ਟਰੰਪ ਨੇ ਅਪਣੇ ਭਾਸ਼ਣ ਦੀ ਵਰਤੋਂ ਯੂਰਪੀਅਨ ਸਹਿਯੋਗੀਆਂ ਦਾ ਵਾਰ-ਵਾਰ ਮਜ਼ਾਕ ਉਡਾਉਣ ਅਤੇ ਧਮਕੀ ਦੇਣ ਲਈ ਕੀਤੀ ਕਿ ਨਾਟੋ ਨੂੰ ਅਮਰੀਕੀ ਵਿਸਤਾਰਵਾਦ ਦੇ ਰਾਹ ਵਿਚ ਖੜਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ  ਨਾਟੋ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਨੂੰ ਡੈਨਮਾਰਕ ਤੋਂ ਗ੍ਰੀਨਲੈਂਡ ਲੈਣ ਦੀ ਇਜਾਜ਼ਤ ਦੇਵੇ। ਇਕ  ਅਸਾਧਾਰਣ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਟੋ ਦੇ ਮੈਂਬਰ ਹਾਂ ਕਹਿ ਸਕਦੇ ਹਨ, ‘ਅਤੇ ਅਸੀਂ ਬਹੁਤ ਪ੍ਰਸੰਸਾ ਕਰਾਂਗੇ। ਜਾਂ ਤੁਸੀਂ ਨਾਂਹ ਕਹਿ ਸਕਦੇ ਹੋ,ਅਤੇ ਅਸੀਂ ਯਾਦ ਰੱਖਾਂਗੇ।’ ਟਰੰਪ ਨੇ ਕਿਹਾ, ‘‘ਇਹ ਵਿਸ਼ਾਲ ਅਸੁਰੱਖਿਅਤ ਟਾਪੂ ਅਸਲ ਵਿਚ ਉੱਤਰੀ ਅਮਰੀਕਾ ਦਾ ਹਿੱਸਾ ਹੈ। ਇਹ ਸਾਡਾ ਖੇਤਰ ਹੈ।’’

ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਤੇਜ਼ੀ ਨਾਲ ਵਧ ਰਿਹਾ ਹੈ ਪਰ ਯੂਰਪ ‘ਸਹੀ ਦਿਸ਼ਾ ਵਲ  ਨਹੀਂ ਜਾ ਰਿਹਾ।’ ਨਾਟੋ ਸਹਿਯੋਗੀ ਡੈਨਮਾਰਕ ਤੋਂ ਗ੍ਰੀਨਲੈਂਡ ਦਾ ਨਿਯੰਤਰਣ ਖੋਹਣ ਦੀਆਂ ਉਸ ਦੀਆਂ ਇੱਛਾਵਾਂ ਵਾਸ਼ਿੰਗਟਨ ਦੇ ਬਹੁਤ ਸਾਰੇ ਨਜ਼ਦੀਕੀ ਸਹਿਯੋਗੀਆਂ ਨਾਲ ਸਬੰਧਾਂ ਨੂੰ ਤੋੜਨ ਦੀ ਧਮਕੀ ਦਿੰਦੀਆਂ ਹਨ।

ਅਪਣੇ ਸੰਬੋਧਨ ਵਿਚ ਉਨ੍ਹਾਂ ਨੇ  ਡੈਨਮਾਰਕ ਤੋਂ ਗ੍ਰੀਨਲੈਂਡ ਪ੍ਰਾਪਤ ਕਰਨ ਲਈ ਅਮਰੀਕਾ ਨੂੰ ‘ਤੁਰਤ  ਗੱਲਬਾਤ’ ਦੀ ਮੰਗ ਕੀਤੀ, ਦੂਜੇ ਵਿਸ਼ਵ ਜੰਗ ਦੌਰਾਨ ਆਰਕਟਿਕ ਟਾਪੂ ਦੀ ਅਮਰੀਕਾ ਵਲੋਂ ਸੁਰੱਖਿਆ ਲਈ ‘ਅਕ੍ਰਿਤਘਣ’ ਹੋਣ ਲਈ ਸਕੈਨਡੇਨੇਵੀਅਨ ਦੇਸ਼ ਦੀ ਨਿੰਦਾ ਕੀਤੀ, ਅਤੇ ਅਪਣਾ  ਦਾਅਵਾ ਜਾਰੀ ਰੱਖਿਆ ਕਿ ਅਮਰੀਕਾ ਦੀ ਕੌਮੀ  ਸੁਰੱਖਿਆ ਲਈ ਟਾਪੂ ਨੂੰ ਨਿਯੰਤਰਿਤ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਦਾਅਵਾ ਕੀਤਾ ਕਿ ‘ਸਾਡੇ ਬਿਨਾਂ, ਜ਼ਿਆਦਾਤਰ ਦੇਸ਼ ਕੰਮ ਵੀ ਨਹੀਂ ਕਰਦੇ’। 

 ਟਰੰਪ ਨੇ ਭਾਰਤ ਅਤੇ ਪਾਕਿਸਤਾਨ ਜੰਗ ਨੂੰ ਰੋਕਣ ਦੇ ਦਾਅਵੇ ਨੂੰ ਦੁਹਰਾਇਆ 

ਦਾਵੋਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ  ਨੂੰ ਅਪਣੇ  ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਰੁਕਵਾਇਆ। 

ਵਿਸ਼ਵ ਆਰਥਕ ਮੰਚ ਦੀ ਸਾਲਾਨਾ ਬੈਠਕ ’ਚ ਉਨ੍ਹਾਂ ਨੇ  ਅਪਣੇ  ਭਾਸ਼ਣ ਦੀ ਸ਼ੁਰੂਆਤ ‘ਬਹੁਤ ਸਾਰੇ ਦੋਸਤਾਂ’ ਨੂੰ ਵਧਾਈ ਦੇ ਕੇ ਕੀਤੀ। ਪਿਛਲੇ ਸਾਲ 10 ਮਈ ਤੋਂ ਬਾਅਦ ਟਰੰਪ 80 ਤੋਂ ਵੱਧ ਵਾਰ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਰੋਕਣ ਦਾ ਸਿਹਰਾ ਲੈ ਚੁਕੇ ਹਨ। 

ਭਾਰਤ ਨੇ ਲਗਾਤਾਰ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਸੰਘਰਸ਼ ਨੂੰ ਖਤਮ ਕਰਨ ਲਈ ਸਹਿਮਤੀ ਬਣਾਈ। 

ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਦੁਸ਼ਮਣੀ ਬੰਦ ਕਰਨ ਬਾਰੇ ਸਮਝੌਤਾ ਦੋਹਾਂ  ਧਿਰਾਂ ਦੇ ਮਿਲਟਰੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀ.ਜੀ.ਐਮ.ਓ.ਜ਼) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਸੀ।