ਅਮਰੀਕਾ ਦੀ ਪਾਕਿ ਨੂੰ ਚਿਤਾਵਨੀ, ਹੁਣ ਭਾਰਤ ’ਤੇ ਹਮਲਾ ਹੋਇਆ ਤਾਂ ‘ਭਾਰੀ ਮੁਸ਼ਕਿਲ’ ’ਚ ਪੈ ਜਾਓਗੇ
ਪਾਕਿਸਤਾਨ ਨੂੰ ਸਾਵਧਾਨ ਕਰਦੇ ਹੋਏ ਅਮਰੀਕਾ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਸ ਨੂੰ ਅਤਿਵਾਦੀ ਸੰਗਠਨਾਂ ਉਤੇ ਢੁਕਵੀਂ ਕਾਰਵਾਈ ਕਰਨੀ ਹੋਵੇਗੀ
ਵਾਸ਼ਿੰਗਟਨ : ਅਤਿਵਾਦ ਦੇ ਮਸਲੇ ਉਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਉਤੇ ਅੱਗੇ ਕੋਈ ਅਤਿਵਾਦੀ ਹਮਲਾ ਹੁੰਦਾ ਹੈ ਤਾਂ ਇਹ ਉਸ ਦੇ ਲਈ ਵੱਡੀ ਮੁਸ਼ਕਿਲ ਪੈਦਾ ਕਰ ਸਕਦਾ ਹੈ। ਪਾਕਿਸਤਾਨ ਨੂੰ ਸਾਵਧਾਨ ਕਰਦੇ ਹੋਏ ਅਮਰੀਕਾ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਸ ਨੂੰ ਅਤਿਵਾਦੀ ਸੰਗਠਨਾਂ ਉਤੇ ਢੁਕਵੀਂ ਕਾਰਵਾਈ ਕਰਨੀ ਹੋਵੇਗੀ।
ਅਮਰੀਕਾ ਨੇ ਪਾਕਿਸਤਾਨ ਨੂੰ ਕੜਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਖਾਸ ਤੌਰ ’ਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਵਰਗੇ ਅਤਿਵਾਦੀ ਸੰਗਠਨਾਂ ਦੇ ਵਿਰੁਧ ਪਾਕਿਸਤਾਨ ਨੂੰ ਪੁਖ਼ਤਾ ਐਕਸ਼ਨ ਲੈਣਾ ਹੋਵੇਗਾ। ਵਾਸ਼ਿੰਗਟਨ ਵਿਚ ਵਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ਦੇ ਵਿਰੁਧ ਕੜੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਭਾਰਤ-ਪਾਕਿਸਤਾਨ ਖੇਤਰ ਵਿਚ ਕਿਸੇ ਪ੍ਰਕਾਰ ਦਾ ਤਣਾਅ ਪੈਦਾ ਨਾ ਹੋਵੇ,
ਇਸ ਦੇ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਖਾਸ ਕਰ ਕੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ ਵਿਰੁਧ ਸਖ਼ਤ ਕਦਮ ਚੁੱਕੇ। ਅਮਰੀਕਾ ਨੇ ਕਿਹਾ ਹੈ ਕਿ ਜੇਕਰ ਹਾਲਾਤ ਵਿਗੜਦੇ ਹਨ ਤਾਂ ਦੋਵਾਂ ਦੇਸ਼ਾਂ ਲਈ ਖ਼ਤਰਨਾਕ ਹੋਵੇਗਾ। ਦੱਸ ਦਈਏ ਕਿ ਜੈਸ਼-ਏ-ਮੁਹੰਮਦ ਉਹ ਅਤਿਵਾਦੀ ਸੰਗਠਨ ਹੈ, ਜਿਨ੍ਹੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ਼ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਸ ਵਿਚ 40 ਜਵਾਨਾਂ ਦੀ ਸ਼ਹਾਦਤ ਹੋਈ ਸੀ।
ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉਤੇ ਏਅਰਸਟਰਾਈਕ ਕਰਕੇ ਉੱਥੇ ਮੌਜੂਦ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ। ਪੁਲਵਾਮਾ ਦੇ ਦੋਸ਼ੀਆਂ ਉਤੇ ਕਾਰਵਾਈ ਲਈ ਭਾਰਤ ਪਾਕਿਸਤਾਨ ਨੂੰ ਸਬੂਤ ਵੀ ਸੌਂਪ ਚੁੱਕਿਆ ਹੈ। ਅਮਰੀਕੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਪਾਕਿਸਤਾਨ ਨੇ ਸ਼ੁਰੂਆਤੀ ਐਕਸ਼ਨ ਲਏ ਹਨ, ਜਿਸ ਵਿਚ ਅਤਿਵਾਦੀ ਸੰਗਠਨਾਂ ਦੀਆਂ ਜ਼ਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।
ਪਾਕਿਸਤਾਨ ਨੇ ਜੈਸ਼ ਦੇ ਕੁਝ ਮੁੱਖ ਟਿਕਾਣਿਆਂ ਨੂੰ ਵੀ ਕਬਜ਼ੇ ਵਿਚ ਲਿਆ ਹੈ ਪਰ ਅਸੀ ਇਸ ਤੋਂ ਕਿਤੇ ਜ਼ਿਆਦਾ ਐਕਸ਼ਨ ਵੇਖਣਾ ਚਾਹੁੰਦੇ ਹਾਂ। ਅਮਰੀਕਾ ਨੇ ਪਾਕਿਸਤਾਨ ਨੂੰ ਸਪੱਸ਼ਟ ਕਿਹਾ ਹੈ ਕਿ ਪਹਿਲਾਂ ਵੀ ਪਾਕਿਸਤਾਨ ਵਲੋਂ ਗ੍ਰਿਫ਼ਤਾਰੀ ਵਰਗੇ ਕਦਮ ਚੁੱਕੇ ਗਏ ਪਰ ਬਾਅਦ ਵਿਚ ਉਨ੍ਹਾਂ ਅਤਿਵਾਦੀਆਂ ਨੂੰ ਛੱਡ ਦਿਤਾ ਜਾਂਦਾ ਹੈ। ਇਥੋਂ ਤੱਕ ਕਿ ਅਤਿਵਾਦੀਆਂ ਦੇ ਪ੍ਰਧਾਨਾਂ ਨੂੰ ਪੂਰੇ ਦੇਸ਼ ਵਿਚ ਘੁੱਮਣ ਦੀ ਵੀ ਇਜਾਜ਼ਤ ਮਿਲ ਜਾਂਦੀ ਹੈ। ਅਜਿਹੇ ਵਿਚ ਪਾਕਿਸਤਾਨ ਨੂੰ ਹੁਣ ਇਕਦਮ ਠੋਸ ਕਾਰਵਾਈ ਕਰਨੀ ਹੋਵੇਗੀ।