ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ, ਬੋਤਲਬੰਦ ਪਾਣੀ ਤੋਂ ਹੋਇਆ ਸਸਤਾ
ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ, ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ।
ਨਿਊਯਾਰਕ: ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ, ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ। ਨਿਊਯਾਰਕ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 20 ਅਪ੍ਰੈਲ ਨੂੰ ਨਿਊਯਾਰਕ ਆਇਲ ਮਾਰਕੀਟ ਵਿਚ ਕੋਹਰਾਮ ਮਚ ਗਿਆ, ਇੱਥੇ ਤੇਲ ਦੀਆਂ ਕੀਮਤਾਂ ਇੰਨੀਆਂ ਡਿੱਗੀਆਂ ਕਿ ਕੱਚਾ ਤੇਲ ਬੋਤਲਬੰਦ ਪਾਣੀ ਨਾਲੋਂ ਸਸਤਾ ਹੋ ਗਿਆ।
ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਮਈ ਦੇ ਮਹੀਨੇ ਵਿਚ ਕੀਤੀ ਜਾਣ ਵਾਲੀ ਸਪਲਾਈ ਲਈ ਹੈ। ਅਮਰੀਕੀ ਬੈਂਚਮਾਰਕ ਵਿਚ ਰਿਕਾਰਡ ਗਿਰਾਵਟ ਹੋਈ ਹੈ ਅਤੇ ਮਈ ਲਈ ਸਪਲਾਈ ਕੀਤੀਆਂ ਜਾਣ ਵਾਲੀਆਂ ਤੇਲ ਦੀਆਂ ਕੀਮਤਾਂ ਇਸ ਸਮੇਂ ਡਿੱਗ ਕੇ 1.50 ਡਾਲਰ ਪ੍ਰਤੀ ਬੈਰਲ ਹੋ ਗਈਆਂ।
ਇਹ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਕ ਦਿਨ ‘ਚ 90 ਪ੍ਰਤੀਸ਼ਤ ਦੀ ਗਿਰਾਵਟ ਸੀ। ਦੱਸ ਦਈਏ ਕਿ ਮਈ ਵਿਚ ਕੱਚੇ ਤੇਲ ਦੀ ਸਪਲਾਈ ਲਈ ਕੰਟਰੈਕਟ 21 ਅਪ੍ਰੈਲ ਨੂੰ ਖਤਮ ਹੋਣਾ ਹੈ, ਪਰ ਤੇਲ ਖਰੀਦਣ ਵਾਲੇ ਨਹੀਂ ਮਿਲ ਰਹੇ। ਕਿਉਂਕਿ ਇਸ ਸਮੇਂ ਵਿਸ਼ਵ ਦੀ ਵੱਡੀ ਆਬਾਦੀ ਘਰਾਂ ਵਿਚ ਬੰਦ ਹੈ ਅਤੇ ਦੁਨੀਆ ਦੇ ਬਹੁਤ ਸਾਰੇ ਦੇਸ਼ ਤੇਲ ਦੀ ਵਰਤੋਂ ਨਹੀਂ ਕਰ ਰਹੇ।
ਕਾਰੋਬਾਰੀ ਸੈਸ਼ਨ ਦੌਰਾਨ ਬਾਜ਼ਾਰ ਵਿਚ ਕੀਮਤਾਂ ਵਿਚ ਹੋਰ ਗਿਰਾਵਟ ਆਉਂਦੀ ਰਹੀ। ਨਿਊਯਾਰਕ ਵਿਚ ਸੋਮਵਾਰ ਨੂੰ ਯੂ ਐਸ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ ਵਿਚ ਮਈ ਲਈ ਕੱਚੇ ਤੇਲ ਦੇ ਠੇਕੇ ਵਿਚ 301.97 ਪ੍ਰਤੀਸ਼ਤ ਦੀ ਗਿਰਾਵਟ ਹੋਈ ਅਤੇ ਇਹ -36.90 ਪ੍ਰਤੀ ਬੈਰਲ ‘ਤੇ ਆ ਕੇ ਰੁਕਿਆ।
ਮਈ ਵਿਚ ਸਪਲਾਈ ਕੀਤੇ ਜਾਣ ਵਾਲੇ ਕੱਚੇ ਤੇਲ ਦੀਆਂ ਕੀਮਤਾਂ ਵੱਧ ਤੋਂ ਵੱਧ 17.85 ਡਾਲਰ ਪ੍ਰਤੀ ਬੈਰਲ ਅਤੇ ਘੱਟੋ ਘੱਟ -37.63 ਡਾਲਰ ਪ੍ਰਤੀ ਬੈਰਲ ਰਹੀਆਂ। ਆਖਿਰਕਾਰ ਬਜ਼ਾਰ -37.63 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਇਹ ਪਹਿਲਾ ਮੌਕਾ ਹੈ ਜਦੋਂ ਨਿਊਯਾਰਕ ਵਿਚ ਕੱਚੇ ਤੇਲ ਦੀਆਂ ਕੀਮਤਾਂ ਨਕਾਰਾਤਮਕ ਰਹੀਆਂ ਹਨ।
ਤੇਲ ਵਿਕਰੇਤਾ ਦੁਨੀਆ ਦੇ ਦੇਸ਼ਾਂ ਨੂੰ ਤੇਲ ਖਰੀਦਣ ਲਈ ਕਹਿ ਰਹੇ ਹਨ, ਪਰ ਤੇਲ ਖਰਚ ਕਰਨ ਵਾਲੇ ਦੇਸ਼ਾਂ ਨੂੰ ਇਸ ਦੀ ਜਰੂਰਤ ਨਹੀਂ ਹੈ, ਕਿਉਂਕਿ ਉਹਨਾਂ ਦੀ ਅਰਬਾਂ ਦੀ ਅਬਾਦੀ ਘਰਾਂ ਵਿਚ ਬੈਠੀ ਹੈ, ਇਸ ਲਈ ਉਹ ਤੇਲ ਨਹੀਂ ਖਰੀਦ ਰਹੇ। ਉਹਨਾਂ ਦੇ ਤੇਲ ਦੇ ਭੰਡਾਰ ਭਰੇ ਹੋਏ ਹਨ, ਪੁਰਾਣੇ ਤੇਲ ਦੇ ਖਰਚ ਨਾ ਹੋਣ ਨਾਲ ਉਹਨਾਂ ਕੋਲ ਨਵਾਂ ਤੇਲ ਰੱਖਣ ਦੀ ਥਾਂ ਨਹੀਂ ਹੈ। ਇਸ ਲਈ ਉਹ ਤੇਲ ਨਹੀਂ ਖਰੀਦ ਰਹੇ।