ਪਾਕਿਸਤਾਨ ਤੋਂ ਪ੍ਰੇਸ਼ਾਨ ਹੋਇਆ ਰੂਸ, ਦੇ ਦਿਤੀ ਇਹ ਚੇਤਾਵਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਭੇਜੇ ਗਏ ਚੌਲਾਂ ’ਚ ਕੀੜਾ ਲੱਗਾ ਮਿਲਣ ਮਗਰੋਂ ਨਾਰਾਜ਼ ਹੋਇਆ ਰੂਸ

Representative Image.

ਕਰਾਚੀ: ਰੂਸ ਨੇ ਚੌਲਾਂ ਦੀ ਇਕ ਖੇਪ ’ਚ ਕੀੜਾ ਲੱਗਾ ਮਿਲਣ ਤੋਂ ਬਾਅਦ ਪਾਕਿਸਤਾਨ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਉਸ ਨੇ ਭਵਿੱਖ ’ਚ ਆਉਣ ਵਾਲੀ ਚੌਲਾਂ ਦੀ ਖੇਪ ’ਚ ‘ਫਾਈਟੋਸੈਨੇਟਰੀ’ (ਫ਼ਸਲ ਦੀ ਸਾਵੱਛਤਾ ਪ੍ਰਕਿਰਿਆ) ’ਤੇ ਧਿਆਨ ਨਹੀਂ ਦਿਤਾ ਤਾਂ ਉਹ ਚੌਲਾਂ ਦੀ ਆਯਾਤ ’ਤੇ ਪਾਬੰਦੀ ਲਗਾ ਦੇਵੇਗਾ। ਇਹ ਚੇਤਾਵਨੀ ਰੂਸ ਦੀ ਫੈਡਰਲ ਵੈਟਰਨਰੀ ਅਤੇ ਫਾਈਟੋਸੈਨੇਟਰੀ ਨਿਗਰਾਨੀ ਸੇਵਾ (ਐਫ.ਐਸ.ਵੀ.ਪੀ.ਐਸ.) ਵਲੋਂ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਚੌਲਾਂ ਦੀ ਖੇਪ ’ਤੇ ਕੌਮਾਂਤਰੀ ਅਤੇ ਰੂਸੀ ਫਾਈਟੋਸੈਨੇਟਰੀ ਜ਼ਰੂਰਤਾਂ ਦੀ ਉਲੰਘਣਾ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਆਈ ਹੈ। 

2 ਅਪ੍ਰੈਲ ਨੂੰ ਜਾਰੀ ਨੋਟੀਫਿਕੇਸ਼ਨ ’ਚ ਚੌਲ ਦੀ ਖੇਪ ’ਚ ਮੈਗਾਸੇਲੀਆ ਸਲੇਰਿਸ (ਲੋਵ) ਨਾਂ ਦੇ ਜੀਵ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਹੈ। ਰੂਸ ਵਿਚ ਪਾਕਿਸਤਾਨ ਸਫ਼ਾਰਤਖ਼ਾਨੇ ਦੇ ਵਪਾਰ ਪ੍ਰਤੀਨਿਧੀ ਨੂੰ ਇਸ ਮਾਮਲੇ ਦੀ ਤੁਰਤ ਜਾਂਚ ਕਰਨ ਲਈ ਕਿਹਾ ਗਿਆ ਹੈ। ਰੂਸੀ ਅਧਿਕਾਰੀਆਂ ਨੇ ਪਾਕਿਸਤਾਨ ਸਫ਼ਾਰਤਖ਼ਾਨੇ ਨੂੰ ਚਿੱਠੀ ਲਿਖ ਕੇ ਸਾਰੇ ਪਾਕਿਸਤਾਨੀ ਚੌਲ ਨਿਰਯਾਤਕਾਂ ਨੂੰ ਅਜਿਹੀਆਂ ਉਲੰਘਣਾਵਾਂ ਨੂੰ ਰੋਕਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਿਚ ਵਰਤੇ ਜਾਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਫਾਈਟੋਸੈਨੇਟਰੀ’ ਮਾਪਦੰਡਾਂ ਦੀ ਪਾਲਣਾ ਕਰਨ ਲਈ ਕਿਹਾ ਹੈ। 

ਮਾਸਕੋ ਵਿਚ ਪਾਕਿਸਤਾਨ ਦੂਤਘਰ ਦੇ ਵਪਾਰ ਵਿੰਗ ਨੇ ਰੂਸੀ ਅਥਾਰਟੀ ਤੋਂ ਖੁਰਾਕ ਸੁਰੱਖਿਆ ਮੰਤਰਾਲੇ ਦੇ ਪਲਾਂਟ ਪ੍ਰੋਟੈਕਸ਼ਨ ਵਿਭਾਗ (ਡੀ.ਪੀ.ਪੀ.) ਅਤੇ ਹੋਰ ਸਬੰਧਤ ਸਰਕਾਰੀ ਦਫਤਰਾਂ ਨੂੰ ਇਕ ਚਿੱਠੀ ਭੇਜੀ ਹੈ, ਜਿਸ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਜੇਕਰ ਰੂਸੀ ਅਧਿਕਾਰੀਆਂ ਤੋਂ ਹੋਰ ਸ਼ਿਕਾਇਤਾਂ ਮਿਲੀਆਂ ਤਾਂ ਭਵਿੱਖ ਵਿਚ ਚੌਲਾਂ ਦੀ ਬਰਾਮਦ ’ਤੇ ਸੰਭਾਵਤ ਪਾਬੰਦੀ ਲਗਾਈ ਜਾ ਸਕਦੀ ਹੈ। 

ਰੂਸ ਨੇ ਇਸ ਤੋਂ ਪਹਿਲਾਂ ਸਿਹਤ ਸੁਰੱਖਿਆ ਕਾਰਨਾਂ ਕਰ ਕੇ 2019 ਵਿਚ ਪਾਕਿਸਤਾਨ ਤੋਂ ਚੌਲਾਂ ਦੇ ਆਯਾਤ ’ਤੇ ਪਾਬੰਦੀ ਲਗਾ ਦਿਤੀ ਸੀ। ਦਸੰਬਰ 2006 ’ਚ, ਰੂਸ ਨੇ ਪਾਕਿਸਤਾਨ ਤੋਂ ਚੌਲ ਦਾ ਆਯਾਤ ਬੰਦ ਕਰ ਦਿਤਾ ਸੀ ਕਿਉਂਕਿ ਇਹ ਖੁਰਾਕ ਸੁਰੱਖਿਆ ਨਿਯਮਾਂ ਨੂੰ ਪੂਰਾ ਨਹੀਂ ਕਰਦਾ ਸੀ। ਪਾਕਿਸਤਾਨ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੇਲਾ ਰਾਮ ਕੇਵਲਾਨੀ ਨੇ ਕਿਹਾ ਕਿ ਪਾਕਿਸਤਾਨੀ ਚੌਲ ਨਿਰਯਾਤਕਾਂ ਨੂੰ ਨਿਰਯਾਤ ਲਈ ਸਾਰੇ ਚੌਲਾਂ ਦੀ ਚੋਣ ਅਤੇ ਪੈਕਿੰਗ ਵਿਚ ਬਹੁਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਪਿਛਲੇ ਸਾਲ ਗੈਰ-ਬਾਸਮਤੀ ਚੌਲ ਦੇ ਨਿਰਯਾਤ ’ਤੇ ਭਾਰਤ ਦੀ ਪਾਬੰਦੀ ਤੋਂ ਫਾਇਦਾ ਹੋਇਆ ਸੀ ਕਿਉਂਕਿ ਵਿਸ਼ਵ ਚੌਲ ਵਪਾਰ ਵਿਚ ਭਾਰਤ ਦੀ ਹਿੱਸੇਦਾਰੀ ਲਗਭਗ 40 ਫ਼ੀ ਸਦੀ ਹੈ। ਪਿਛਲੇ ਸਾਲ ਭਾਰਤ ਨੇ ਚਿੱਟੇ ਗੈਰ-ਬਾਸਮਤੀ ਚੌਲ ਦੇ ਨਿਰਯਾਤ ’ਤੇ ਪਾਬੰਦੀ ਲਗਾ ਦਿਤੀ ਸੀ।