ਮੈਲਬੌਰਨ 'ਚ 'ਰੇਡੀਓ ਹਾਂਜੀ' ਨੇ ਕਰਵਾਇਆ 'ਐਵਾਰਡ 2019' ਪ੍ਰੋਗਰਾਮ
ਪੰਜਾਬੀ ਸੱਭਿਆਚਾਰ ਦੀਆਂ ਕਈ ਵੰਨਗੀਆਂ ਵੀ ਕੀਤੀਆਂ ਪੇਸ਼
ਮੈਲਬੌਰਨ- ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਣ ਵਾਲੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਮਕਬੂਲ 'ਰੇਡੀਓ ਹਾਂਜੀ' ਵਲੋਂ ਮੈਲਬੌਰਨ ਦੇ ਇਲਾਕੇ ਪੈਕਨਮ ਵਿਚ ਆਪਣੇ ਸਰੋਤਿਆਂ ਲਈ ਐਵਾਰਡ 2019 ਪ੍ਰੋਗਰਾਮ ਕਰਵਾਇਆ ਗਿਆ। ਜਿਸ ਤਹਿਤ ਦਿਖਾਈਆਂ ਗਈਆਂ ਸਭਿਆਚਾਰਕ ਵੰਨਗੀਆਂ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਭੰਗੜਾ, ਕਵਿਤਾਵਾਂ, ਗੀਤ ਅਤੇ ਬਾਬੇ ਨਾਨਕ ਦੇ ਜੀਵਨ ਨਾਲ ਸਬੰਧਤ ਨਾਟਕ ਵੀ ਪੇਸ਼ ਕੀਤਾ ਗਿਆ।
ਪ੍ਰੋਗਰਾਮ ਵਿਚ ਰੇਡੀਓ ਸੁਣਨ ਵਾਲੇ ਸ੍ਰੋਤਿਆਂ ਵਿਚੋਂ ਹੀ ਵੱਖ ਵੱਖ ਕੈਟਾਗਰੀ ਤਹਿਤ ਚੁਣੇ ਗਏ ਸ੍ਰੋਤਿਆਂ ਨੂੰ ਐਵਾਰਡ ਵੀ ਦਿੱਤੇ ਗਏ ਅਤੇ ਬੱਚਿਆਂ ਵਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬੀ ਸੱਭਿਆਚਾਰ ਦੇ ਲੋਕ ਨਾਚ ਭੰਗੜੇ ਨੂੰ ਦੇਖ ਕੇ ਪ੍ਰੋਗਰਾਮ ਵਿਚ ਆਏ ਸਰੋਤੇ ਝੂਮਣ ਲੱਗ ਗਏ। ਇਸ ਦੌਰਾਨ ਕਈ ਪੰਜਾਬੀ ਬੁਲਾਰਿਆਂ ਨੇ ਅਪਣੇ ਵਿਚਾਰ ਵੀ ਪੇਸ਼ ਕੀਤੇ।
ਪ੍ਰੋਗਰਾਮ ਦੇ ਅੰਤ ਵਿਚ ਰੇਡੀਓ ਹਾਂਜੀ ਦੇ ਪ੍ਰਬੰਧਕਾਂ ਰਣਯੋਧ ਸਿੰਘ, ਗੁਰਜੋਤ ਸਿੰਘ ਸੋਢੀ, ਅਮਰਿੰਦਰ ਗਿੱਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਪ੍ਰੋਗਰਾਮ ਨੂੰ ਸਫਫ਼ਲ ਬਣਾਉਣ ਲਈ ਦਰਸ਼ਕਾਂ ਅਤੇ ਰੇਡੀਓ ਦੇ ਸ੍ਰੋਤਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।