ਪੀਐੱਮ ਮੋਦੀ ਨੂੰ ਮਿਲੇ ਐਲਨ ਮਸਕ, ਬੋਲੇ- ਮੈਂ ਮੋਦੀ ਜੀ ਦਾ ਫੈਨ ਹਾਂ, ਭਾਰਤ ਆਉਣ ਦੀ ਜਤਾਈ ਇੱਛਾ
ਟੇਸਲਾ ਦੇ ਸੀਈਓ ਨੇ ਕਿਹਾ ਕਿ ਇਸ ਮੁਲਾਕਾਤ ਦੀ ਮੁੱਖ ਗੱਲ ਇਹ ਹੈ ਕਿ ਉਹ (ਪੀਐਮ ਮੋਦੀ) ਅਸਲ ਵਿਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ।
ਅਮਰੀਕਾ - ਟੇਸਲਾ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਲੋਨ ਮਸਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਹਨ, ਜੋ ਭਾਰਤ ਲਈ ਸਹੀ ਕੰਮ ਕਰਨਾ ਚਾਹੁੰਦੇ ਹਨ।
ਨਿਊਯਾਰਕ ਵਿਚ ਪੀਐਮ ਮੋਦੀ ਨਾਲ ਇਸ ਮੁਲਾਕਾਤ ਤੋਂ ਬਾਅਦ ਐਲੋਨ ਮਸਕ ਨੇ ਮੀਡੀਆ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਅਸਲ ਵਿਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ ਅਤੇ ਟੇਸਲਾ ਨੂੰ ਦੇਸ਼ ਵਿਚ ਮਹੱਤਵਪੂਰਨ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਐਲਨ ਮਸਕ ਨੇ ਕਹੀਆਂ ਇਹ ਵੱਡੀਆਂ ਗੱਲਾਂ
1. ਐਲੋਨ ਮਸਕ ਨੇ ਕਿਹਾ ਕਿ ਮੈਂ ਭਾਰਤ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ।
2. ਟੇਸਲਾ ਦੇ ਸੀਈਓ ਨੇ ਕਿਹਾ ਕਿ ਇਸ ਮੁਲਾਕਾਤ ਦੀ ਮੁੱਖ ਗੱਲ ਇਹ ਹੈ ਕਿ ਉਹ (ਪੀਐਮ ਮੋਦੀ) ਅਸਲ ਵਿਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ। ਉਹ ਸਾਨੂੰ ਭਾਰਤ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜੋ ਅਸੀਂ ਕਰਨਾ ਚਾਹੁੰਦੇ ਹਾਂ।
3. ਇਸ ਦੌਰਾਨ ਮਸਕ ਨੇ 2015 ਵਿਚ ਪੀਐਮ ਮੋਦੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਮਾਲਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਸ਼ਾਨਦਾਰ ਮੁਲਾਕਾਤ ਰਹੀ। ਕਈ ਸਾਲ ਪਹਿਲਾਂ ਉਹ (ਮੋਦੀ) ਸਾਡੀ ਫਰੀਮਾਂਟ ਫੈਕਟਰੀ ਗਏ ਸਨ।
4. ਐਲਨ ਮਸਕ ਨੇ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਉਹ (ਮੋਦੀ) ਅਸਲ ਵਿਚ ਭਾਰਤ ਲਈ ਸਹੀ ਕੰਮ ਕਰਨਾ ਚਾਹੁੰਦੇ ਹਨ। ਉਹ ਖੁੱਲ੍ਹੇ ਦਿਮਾਗ ਨਾਲ ਨਵੀਆਂ ਕੰਪਨੀਆਂ ਦਾ ਸੁਆਗਤ ਅਤੇ ਸਮਰਥਨ ਕਰਨਾ ਚਾਹੁੰਦੇ ਹਨ। ਨਾਲ ਹੀ ਉਹ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਇਸ ਨਾਲ ਭਾਰਤ ਨੂੰ ਫਾਇਦਾ ਹੋਵੇ। ਉਹ ਉਹੀ ਕਰ ਰਹੇ ਹਨ ਜੋ ਹੋਣਾ ਚਾਹੀਦਾ ਹੈ।