ਸੋਨੇ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਨਾਗਰਿਕ ਸਮੇਤ 7 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

100 ਕਿਲੋ ਸੋਨੇ ਦੀ ਤਸਕਰੀ ਦੇ ਲੱਗੇ ਇਲਜ਼ਾਮ 

representational Image

ਕਾਠਮੰਡੂ : ਨੇਪਾਲ ਪੁਲਿਸ ਨੇ ਇਥੋਂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਥਿਤ ਤੌਰ 'ਤੇ 100 ਕਿਲੋ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਵਿਚ ਇਕ ਭਾਰਤੀ ਅਤੇ ਇਕ ਚੀਨੀ ਨਾਗਰਿਕ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਰਮਡ ਪੁਲਿਸ ਫੋਰਸ (ਏ.ਪੀ.ਐਫ਼.) ਦੇ ਸੂਤਰਾਂ ਦੇ ਅਨੁਸਾਰ, ਮਾਲ ਜਾਂਚ ਵਿਭਾਗ ਨੇ ਬੁੱਧਵਾਰ ਰਾਤ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਗਭਗ 100 ਕਿਲੋ ਸੋਨਾ ਜ਼ਬਤ ਕੀਤਾ, ਜਿਸ ਦੀ ਤਸਕਰੀ ਕਸਟਮ ਵਿਭਾਗ ਤੋਂ ਚੋਰੀ ਕੀਤੀ ਗਈ ਸੀ।
ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਅਤੇ ਏ.ਪੀ.ਐਫ਼. ਦੇ ਬੁਲਾਰੇ ਰਾਜੇਂਦਰ ਖੜਕਾ ਨੇ ਕਿਹਾ, "ਪੁਲਿਸ ਨੇ ਟੈਕਸੀ ਡਰਾਈਵਰਾਂ ਰਾਜੇਂਦਰ ਰਾਏ, ਰਾਮ ਕੁਮਾਰ ਭੁਜੇਲ, ਦਿਲੀਪ ਭੁਜੇਲ, ਹਰਕਾ ਰਾਜ ਰਾਏ ਅਤੇ ਇਕ ਭਾਰਤੀ ਨਾਗਰਿਕ ਥਪਟੇਨ ਸੇਰਿੰਗ ਨੂੰ ਗ੍ਰਿਫ਼ਤਾਰ ਕੀਤਾ ਹੈ।" ਪੁਲਿਸ ਮੁਤਾਬਕ ਬਾਅਦ 'ਚ ਇਸ ਸਬੰਧੀ ਇਕ ਚੀਨੀ ਨਾਗਰਿਕ ਲਿੰਗਚੁਆਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਔਰਤਾਂ ਵਲੋਂ ਕਤਲ ਕਰਨ ਦੀ ਦਰ 'ਚ 45 ਫ਼ੀ ਸਦੀ ਵਾਧਾ, 4 ਸਾਲਾਂ 'ਚ ਸਾਹਮਣੇ ਆਏ 209 ਕਤਲ ਦੇ ਮਾਮਲੇ 

ਐਸ.ਐਸ.ਪੀ. ਦੇ ਅਨੁਸਾਰ, ਸੁਰੱਖਿਆ ਕਰਮਚਾਰੀਆਂ ਦੀ ਟੀਮ ਨੇ ਭਾਰੀ ਮਾਤਰਾ ਵਿਚ ਸੋਨਾ ਜ਼ਬਤ ਕੀਤਾ, ਜੋ ਕਿ ਗੁਪਤ ਰੂਪ ਵਿਚ ਹਵਾਈ ਅੱਡੇ ਤੋਂ ਕਾਠਮੰਡੂ ਸ਼ਹਿਰ ਵੱਲ ਇਕ ਟੈਕਸੀ ਵਿਚ ਲਿਜਾਇਆ ਜਾ ਰਿਹਾ ਸੀ।ਅਧਿਕਾਰੀਆਂ ਨੇ ਦਸਿਆ,''ਜ਼ਬਤ ਕੀਮਤੀ ਧਾਤੂ ਨੂੰ ਜਲਦੀ ਹੀ ਨੇਪਾਲ ਰਾਸਟਰ ਬੈਂਕ ਲਿਜਾਇਆ ਜਾਵੇਗਾ ਤਾਂ ਜੋ ਇਸ ਦੇ ਸਹੀ ਵਜ਼ਨ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੰਮ ਇਨਲੈਂਡ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।''

ਇਸ ਦੌਰਾਨ, ਪੁਲਿਸ ਅਨੁਸਾਰ, ਕਸਟਮ ਵਿਭਾਗ ਬੁੱਧਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਦਫਤਰ ਤੋਂ ਇੰਨੀ ਵੱਡੀ ਮਾਤਰਾ ਵਿਚ ਸੋਨੇ ਦੀ ਜਾਂਚ ਅਤੇ ਕਲੀਅਰੈਂਸ ਵਿਚ ਸ਼ਾਮਲ ਸਟਾਫ ਨੂੰ ਮੁਅੱਤਲ ਕਰਨ ਦੀ ਤਿਆਰੀ ਕਰ ਰਿਹਾ ਹੈ।ਏ.ਪੀ.ਐਫ਼. ਸੂਤਰਾਂ ਅਨੁਸਾਰ ਸੋਨੇ ਦੇ ਮਾਲਕ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।