ਬੁਰਹਾਨ ਵਾਨੀ ਸਮੇਤ ਅੱਤਵਾਦੀਆਂ ਦੇ ਨਾਂ 'ਤੇ ਪਾਕਿ ਨੇ ਜਾਰੀ ਕੀਤੇ 20 ਡਾਕ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਡਾਕ ਵਿਭਾਗ ਨੇ ਜੰਮੂ-ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ 'ਤੇ 20 ਡਾਕ ਟਿਕਟ ਜਾਰੀ ਕੀਤੇ ਹਨ.........

Stamps

ਇਸਲਾਮਾਬਾਦ : ਪਾਕਿਸਤਾਨ ਦੇ ਡਾਕ ਵਿਭਾਗ ਨੇ ਜੰਮੂ-ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ 'ਤੇ 20 ਡਾਕ ਟਿਕਟ ਜਾਰੀ ਕੀਤੇ ਹਨ। ਇਨ੍ਹਾਂ ਵਿਚ ਅੱਤਵਾਦੀਆਂ ਦੇ ਇਲਾਵਾ ਦੂਜੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਸ਼ਮੀਰ ਵਿਚ ਭਾਰਤੀ ਫੌਜ ਵੱਲੋਂ ਪੀੜਤ ਕਰਾਰ ਦਿਤਾ ਗਿਆ ਹੈ। ਡਾਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਟਿਕਟਾਂ ਨੂੰ ਕਰਾਚੀ ਤੋਂ ਜਾਰੀ ਕੀਤਾ ਗਿਆ ਹੈ। ਕਰਾਚੀ ਵਿਚ ਹੀ ਡਾਕ ਵਿਭਾਗ ਦਾ ਹੈੱਡਕੁਆਰਟਰ ਹੈ। ਉਨ੍ਹਾਂ ਦਸਿਆ ਕਿ ਪਾਕਿਸਤਾਨ ਨੇ ਅਜਿਹਾ ਖੁਦ ਨੂੰ ਕਸ਼ਮੀਰੀਆਂ ਦਾ ਹਮਾਇਤੀ ਦਿਖਾਉਣ ਲਈ ਕੀਤਾ ਹੈ।

ਅਧਿਕਾਰੀ ਨੇ ਕਿਹਾ ਕਿ ਡਾਕ ਟਿਕਟ ਦੇ ਜ਼ਰੀਏ ਅਸੀਂ ਕਸ਼ਮੀਰ ਦੇ ਲੋਕਾਂ ਦੀ ਸਮੱਸਿਆ ਨੂੰ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਵਲੋਂ ਅੱਤਵਾਦੀਆਂ ਦੀਆਂ ਤਸਵੀਰਾਂ ਦੇ ਹੇਠਾਂ ਸਿਰਲੇਖ ਲਿਖ ਕੇ ਉਨ੍ਹਾਂ ਨੂੰ ਸ਼ਹੀਦ ਐਲਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਬੁਰਹਾਨ ਵਾਨੀ ਨੂੰ ਉਸ ਦੇ ਦੋ ਸਾਥੀਆਂ ਨਾਲ ਭਾਰਤੀ ਸੁਰੱਖਿਆ ਬਲਾਂ ਨੇ 8 ਜੁਲਾਈ, 2016 ਨੂੰ ਅਨੰਤਨਾਗ ਵਿਚ ਹੋਏ ਇਕ ਮੁਕਾਬਲੇ ਵਿਚ ਮਾਰ ਦਿੱਤਾ ਸੀ।

ਇਨ੍ਹਾਂ ਟਿਕਟਾਂ ਨੂੰ ਕਰਾਚੀ ਦੇ ਟਿਕਟ ਕੁਲੈਕਸ਼ਨ ਵਲੋਂ ਸ਼ਹੀਦ ਦਿਵਸ ਮੌਕੇ 'ਤੇ ਜਾਰੀ ਕੀਤਾ ਗਿਆ। ਇਹ ਸਾਰੀਆਂ ਡਾਕ ਟਿਕਟਾਂ ਪਾਕਿਸਤਾਨ ਵਿਚ 8 ਰੁਪਏ ਦੀ ਕੀਮਤ ਵਿਚ ਮਿਲ ਰਹੀਆਂ ਹਨ। 
(ਏਜੰਸੀ)