ਹੁਣ ਚੋਣ ਨਹੀਂ ਲੜ ਸਕਣਗੇ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ, ਚੋਣ ਕਮਿਸ਼ਨ ਨੇ ਅਯੋਗ ਕਰਾਰਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਮਰਾਨ 'ਤੇ ਦੋਸ਼ ਸੀ ਕਿ ਉਹ ਪੀਐਮ ਦੇ ਦੌਰਾਨ ਮਿਲੇ ਤੋਹਫ਼ਿਆਂ ਨਾਲ ਜੁੜੀ ਜਾਣਕਾਰੀ ਨੂੰ ਛੁਪਾਉਣ ਅਤੇ ਤੋਸ਼ਖਾਨੇ 'ਚੋਂ ਕੁਝ ਬਾਹਰ ਵੇਚਣ ਦਾ ਦੋਸ਼ ਸੀ।

Imran Khan disqualified in Toshakhana reference

 

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਚੋਣ ਨਹੀਂ ਲੜ ਸਕਣਗੇ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਤੋਸ਼ਖਾਨਾ ਮਾਮਲੇ 'ਚ ਇਮਰਾਨ ਖਾਨ ਨੂੰ ਅਯੋਗ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇਹ ਫੈਸਲਾ ਤੋਸ਼ਖਾਨਾ ਮਾਮਲੇ ਵਿਚ ਮਿਲੀ ਸ਼ਿਕਾਇਤ ਤੋਂ ਬਾਅਦ ਲਿਆ ਹੈ। ਇਮਰਾਨ 'ਤੇ ਦੋਸ਼ ਸੀ ਕਿ ਉਹ ਪੀਐਮ ਦੇ ਦੌਰਾਨ ਮਿਲੇ ਤੋਹਫ਼ਿਆਂ ਨਾਲ ਜੁੜੀ ਜਾਣਕਾਰੀ ਨੂੰ ਛੁਪਾਉਣ ਅਤੇ ਤੋਸ਼ਖਾਨੇ 'ਚੋਂ ਕੁਝ ਬਾਹਰ ਵੇਚਣ ਦਾ ਦੋਸ਼ ਸੀ।

ਕਮਿਸ਼ਨ ਨੇ ਕਿਹਾ ਕਿ ਇਮਰਾਨ ਦੀ ਸੰਸਦ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਹਾਲ ਹੀ ਵਿਚ 17 ਅਕਤੂਬਰ ਨੂੰ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਹਨਾਂ ਦੇ ਅਤੇ ਉਹਨਾਂ ਦੇ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਪਾਬੰਦੀਸ਼ੁਦਾ ਫੰਡਿੰਗ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੂੰ ਕਥਿਤ ਤੌਰ 'ਤੇ ਝੂਠਾ ਹਲਫਨਾਮਾ ਦਾਖਲ ਕਰਨ ਲਈ ਦੋਸ਼ੀ ਠਹਿਰਾਇਆ ਸੀ ਅਤੇ ਉਹਨਾਂ ਨੂੰ 31 ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ।

ਸੰਘੀ ਜਾਂਚ ਏਜੰਸੀ (ਐਫਆਈਏ) ਨੇ ਪਿਛਲੇ ਹਫ਼ਤੇ 69 ਸਾਲਾ ਖਾਨ ਅਤੇ ਉਹਨਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਹੋਰ ਸੀਨੀਅਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਐਫਆਈਆਰ ਅਨੁਸਾਰ ਵੂਟਨ ਕ੍ਰਿਕੇਟ ਲਿਮਟਿਡ ਦੇ ਮਾਲਕ ਆਰਿਫ ਮਸੂਦ ਨਕਵੀ ਨੇ ਖਾਨ ਦੀ ਪਾਰਟੀ ਦੇ ਨਾਮ 'ਤੇ ਰਜਿਸਟਰਡ ਬੈਂਕ ਖਾਤੇ ਵਿਚ "ਗਲਤ ਤਰੀਕੇ ਨਾਲ" ਪੈਸੇ ਟ੍ਰਾਂਸਫਰ ਕੀਤੇ।