CAA: ਭਾਰਤ ਦੇ ਹਲਾਤਾਂ ‘ਤੇ ਅਮਰੀਕੀ ਅਰਬਪਤੀ ਨੇ ਜਤਾਈ ਚਿੰਤਾ, ਕਿਹਾ...
ਅਮਰੀਕਾ ਦੇ ਮਸ਼ਹੂਰ ਅਰਬਪਤੀ ਨਿਵੇਸ਼ਕ ਟ੍ਰਿਪ ਡਰਾਪਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਚਿੰਤਾ ਜ਼ਾਹਰ ਕੀਤੀ ਹੈ।
ਵਾਸ਼ਿੰਗਟਨ: ਅਮਰੀਕਾ ਦੇ ਮਸ਼ਹੂਰ ਅਰਬਪਤੀ ਨਿਵੇਸ਼ਕ ਟ੍ਰਿਪ ਡਰਾਪਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਚਿੰਤਾ ਜ਼ਾਹਰ ਕੀਤੀ ਹੈ। ਟ੍ਰਿਪ ਡਰਾਪਰ ਨੇ ਟਵੀਟ ਕਰਦਿਆਂ ਇਕ ਖ਼ਬਰ ਖਬਰ ਸਾਂਝੀ ਕਰਦਿਆਂ ਕਿਹਾ, "ਭਾਰਤ ਵਿਚ ਧਰਮ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਮੈਨੂੰ ਹੁਣ ਇੱਥੇ ਵਪਾਰ ਲਈ ਫੰਡ ਦੇਣ ਦੀ ਯੋਜਨਾ ਬਾਰੇ ਸੋਚਣਾ ਪਏਗਾ।"
ਟ੍ਰਿਪ ਡਰਾਪਰ ਨੂੰ ਸਕਾਈਪ ਸਮੇਤ ਕਈ ਵੱਡੀਆਂ ਕੰਪਨੀਆਂ ਜਿਵੇਂ ਕਿ ਟੇਸਲਾ, ਬਾਇਡੂ ਵਿਚ ਨਿਵੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਉਹ ਹਾਲ ਹੀ ਵਿਚ ਬਲੂਮ ਵੈਂਚਰਜ਼ ਦੀ ਭਾਈਵਾਲੀ ਵਿਚ ਇਕ ਵਾਰ ਫਿਰ ਭਾਰਤੀ ਬਾਜ਼ਾਰ ਵਿਚ ਉਤਰੇ ਹਨ। ਇਸ ਤੋਂ ਪਹਿਲਾਂ ਡਰਾਪਰ ਨੇ ਲਗਭਗ 6 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿਚੋਂ ਅਪਣਾ ਹੱਥ ਵਾਪਸ ਲੈ ਲਿਆ ਸੀ।
ਡਰਾਪਰ ਫਿਸ਼ਰ ਜੈਰਵੇਟਸ਼ਨ (ਡੀਐਫਜੇ) ਦੀ ਸਥਾਪਨਾ ਕਰਨ ਵਾਲੇ ਡਰਾਪਰ ਨੇ ਸਭ ਤੋਂ ਪਹਿਲਾਂ 2007 ਵਿਚ ਭਾਰਤ ਵਿਚ ਇਕ ਦੁਕਾਨ ਦੀ ਸ਼ੁਰੂਆਤ ਕੀਤੀ ਅਤੇ ਫਿਰ ਕਲੀਅਰਟ੍ਰਿਪ ਸਮੇਤ, ਕੋਮਲੀ ਮੀਡੀਆ ਅਤੇ ਆਈਯੋਗੀ ਵਰਗੀਆਂ ਕੰਪਨੀਆਂ ਵਿਚ 70 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। 2013 ਵਿਚ ਡੀਐਫਜੇ ਨੇ ਦੇਸ਼ ਵਿਚ ਆਪਣੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਅਤੇ ਭਾਰਤ ਵਿਚ ਆਪਣਾ ਸਾਰਾ ਪੋਰਟਫੋਲੀਓ ਨਿਊਕਵੈਸ ਕੈਪੀਟਲ ਪਾਰਟਨਰ ਨੂੰ ਵੇਚ ਦਿੱਤਾ ਸੀ।