ਟਰੰਪ ਨੇ ਫਿਰ ਭਾਰਤ ਨੂੰ ਫੰਡਿੰਗ ’ਤੇ  ਹਮਲਾ ਕੀਤਾ, ਕਾਂਗਰਸ ਨੇ ਕਿਹਾ ਕਿ ਮੋਦੀ ਨੂੰ ‘ਦੋਸਤ’ ਦੇ ਦਾਅਵਿਆਂ ਨੂੰ ਰੱਦ ਕਰਨਾ ਚਾਹੀਦੈ

ਏਜੰਸੀ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਨੇ ਸ਼ੁਕਰਵਾਰ  ਨੂੰ ਇਸ ਪ੍ਰੋਗਰਾਮ ਦੀ ਇਕ ਵੀਡੀਉ  ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ

Donald Trump.

ਨਿਊਯਾਰਕ/ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਦਿਨਾਂ ’ਚ ਚੌਥੀ ਵਾਰ ਦਾਅਵਾ ਕੀਤਾ ਹੈ ਕਿ ਬਾਈਡਨ  ਪ੍ਰਸ਼ਾਸਨ ਨੇ ਵੋਟਿੰਗ ਫੀ ਸਦੀ  ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦਾ ਫੰਡ ਦਿਤਾ ਹੈ। ਟਰੰਪ ਦੇ ਬਿਆਨ ਮਗਰੋਂ ਕਾਂਗਰਸ ਵਲੋਂ ਤਿੱਖੀ ਪ੍ਰਤੀਕਿਰਿਆ ਆਈ ਅਤੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ’ਤੇ ‘ਅਪਣੇ ਮਿੱਤਰ’ ਨਾਲ ਗੱਲਬਾਤ ਕਰਨ ਅਤੇ ਦੋਸ਼ ਦਾ ਮਜ਼ਬੂਤੀ ਨਾਲ ਰੱਦ ਕਰਨ ਦੀ ਅਪੀਲ ਕੀਤੀ। 

ਵਿਰੋਧੀ ਪਾਰਟੀ ਨੇ ਵਿਕਾਸ ਏਜੰਸੀਆਂ, ਸਹਾਇਤਾ ਏਜੰਸੀਆਂ ਅਤੇ ਬਹੁਪੱਖੀ ਮੰਚਾਂ ਵਲੋਂ ਭਾਰਤ ਨੂੰ ਦਿਤੇ ਜਾ ਰਹੇ ਫੰਡਾਂ ਬਾਰੇ ਇਕ  ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਪਾਰਟੀ ਨੇ ਭਰੋਸੇਯੋਗ ਸਿਵਲ ਸੁਸਾਇਟੀ ਮੈਂਬਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਸਿਆਸੀ ਪਾਰਟੀਆਂ ’ਤੇ  ਬੇਬੁਨਿਆਦ ਦੋਸ਼ ਲਗਾਉਣ ਲਈ ਆਰ.ਐਸ.ਐਸ.-ਭਾਜਪਾ ਅਤੇ ਉਨ੍ਹਾਂ ਦੇ ਵਾਤਾਵਰਣ ਪ੍ਰਣਾਲੀ ਵਿਰੁਧ  ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। 

ਟਰੰਪ ਨੇ ਵਾਸ਼ਿੰਗਟਨ ’ਚ ਗਵਰਨਰ ਵਰਕਿੰਗ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ’ਚ ਵੋਟਿੰਗ ਫੀ ਸਦੀ  ਵਧਾਉਣ ਲਈ ਮੇਰੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ 2.1 ਕਰੋੜ ਡਾਲਰ ਮਿਲ ਰਹੇ ਹਨ। ਅਸੀਂ ਭਾਰਤ ’ਚ ਵੋਟਿੰਗ ਫ਼ੀ ਸਦੀ  ਵਧਾਉਣ ਲਈ 2.1 ਕਰੋੜ ਡਾਲਰ ਦੇ ਰਹੇ ਹਾਂ। ਸਾਡੇ ਬਾਰੇ ਕੀ? ਮੈਂ ਵੋਟਿੰਗ ਫ਼ੀ ਸਦੀ  ਵੀ ਵਧਾਉਣਾ ਚਾਹੁੰਦਾ ਹਾਂ।’’ ਵ੍ਹਾਈਟ ਹਾਊਸ ਨੇ ਸ਼ੁਕਰਵਾਰ  ਨੂੰ ਇਸ ਪ੍ਰੋਗਰਾਮ ਦੀ ਇਕ ਵੀਡੀਉ  ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ।  

ਟਰੰਪ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿਚ ਸਿਆਸੀ ਦ੍ਰਿਸ਼ ਨੂੰ ਮਜ਼ਬੂਤ ਕਰਨ ਲਈ ਪੈਸਾ ਇਕ ਅਜਿਹੀ ਫਰਮ ਨੂੰ ਦਿਤਾ ਗਿਆ ਸੀ ਜਿਸ ਬਾਰੇ ਕਿਸੇ ਨੇ ਕਦੇ ਨਹੀਂ ਸੁਣਿਆ ਸੀ।  ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਉਨ੍ਹਾਂ ਨੂੰ 2.9 ਕਰੋੜ ਡਾਲਰ ਮਿਲੇ ਹਨ। ਉਨ੍ਹਾਂ ਨੂੰ ਚੈੱਕ ਮਿਲਿਆ। ਕੀ ਤੁਸੀਂ ਸੋਚ ਸਕਦੇ ਹੋ? ਤੁਹਾਡੀ ਇਕ  ਛੋਟੀ ਜਿਹੀ ਫਰਮ ਹੈ, ਤੁਹਾਨੂੰ ਇੱਥੋਂ 10,000, ਉੱਥੋਂ 10,000 ਮਿਲਦੇ ਹਨ, ਅਤੇ ਫਿਰ ਤੁਹਾਨੂੰ ਅਮਰੀਕੀ ਸਰਕਾਰ ਤੋਂ 2.9 ਕਰੋੜ ਡਾਲਰ ਮਿਲਦੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਉਸ ਫਰਮ ’ਚ ਦੋ ਲੋਕ ਕੰਮ ਕਰਦੇ ਹਨ... ਮੈਨੂੰ ਲਗਦਾ  ਹੈ ਕਿ ਉਹ ਬਹੁਤ ਖੁਸ਼ ਹਨ, ਉਹ ਬਹੁਤ ਅਮੀਰ ਹਨ। ਉਹ ਜਲਦੀ ਹੀ ਇਕ  ਬਹੁਤ ਵਧੀਆ ਕਾਰੋਬਾਰੀ ਮੈਗਜ਼ੀਨ ਦੇ ਕਵਰ ਪੇਜ ’ਤੇ  ਇਕ  ਮਹਾਨ ਘਪਲੇਬਾਜ਼ ਵਜੋਂ ਹੋਵੇਗਾ।’’

ਟਰੰਪ ਨੇ ਕਿਹਾ, ‘‘ਨੇਪਾਲ ’ਚ ਜੈਵ ਵੰਨ-ਸੁਵੰਨਤਾ ਲਈ 9 ਕਰੋੜ ਡਾਲਰ ਅਤੇ ਏਸ਼ੀਆ ’ਚ ਵਿਦਿਅਕ ਨਤੀਜਿਆਂ ’ਚ ਸੁਧਾਰ ਲਈ 4.7 ਕਰੋੜ ਡਾਲਰ ਦਿਤੇ ਗਏ ਹਨ। ਏਸ਼ੀਆ ਨੂੰ ਬਹੁਤ ਸਾਰਾ ਪੈਸਾ ਮਿਲਿਆ ਹੈ।’’

ਇਸ ਦੌਰਾਨ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ, ‘‘ਇਸ ਬਾਰੇ ਜਾਣਕਾਰੀ ਦਿਤੀ  ਜਾਣੀ ਚਾਹੀਦੀ ਹੈ ਕਿ ਭਾਰਤ ਦੀਆਂ ਕਿਹੜੀਆਂ ਸਿਆਸੀ ਪਾਰਟੀਆਂ, ਸਿਆਸੀ ਸੰਗਠਨਾਂ ਅਤੇ ਗੈਰ-ਰਾਜੀ ਸਿਆਸੀ ਸੰਗਠਨਾਂ ਨੂੰ ਯੂ.ਐਸ.ਏਡ ਤੋਂ ਪੈਸਾ ਮਿਲਿਆ ਅਤੇ ਉਨ੍ਹਾਂ ਨੂੰ ਕਦੋਂ-ਕਦੋਂ ਮਿਲਿਆ। ਇਸ ਨੂੰ ਦੇਸ਼ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਕੀ ਨਰਿੰਦਰ ਮੋਦੀ ਨੇ ਚੋਣਾਂ ਨੂੰ ਪ੍ਰਭਾਵਤ  ਕਰਨ ਅਤੇ ਵੋਟਿੰਗ ਫ਼ੀ ਸਦੀ  ਵਧਾਉਣ ਲਈ 2.1 ਕਰੋੜ ਡਾਲਰ ਲਏ ਸਨ। ਕਾਂਗਰਸ ਪਾਰਟੀ ਇਸ ਮਾਮਲੇ ’ਤੇ  ਵ੍ਹਾਈਟ ਪੇਪਰ ਦੀ ਮੰਗ ਕਰਦੀ ਹੈ, ਜਿਸ ’ਚ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ।’’

ਉਨ੍ਹਾਂ ਕਿਹਾ, ‘‘ਸੱਭ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਹੈ ਕਿ ਯੂ.ਐਸ.ਏਡ ਦੇ ਪੈਸੇ ਦੀ ਵਰਤੋਂ ਭਾਰਤ ’ਚ ਚੋਣਾਂ ਲਈ ਕੀਤੀ ਜਾ ਰਹੀ ਹੈ। ਭਾਜਪਾ ਨੇ ਝੂਠ ਫੈਲਾਇਆ ਕਿ ਇਸ ਸੌਦੇ ’ਤੇ  2012 ’ਚ ਤਤਕਾਲੀ ਯੂ.ਪੀ.ਏ. ਸਰਕਾਰ ਦੌਰਾਨ ਦਸਤਖਤ ਕੀਤੇ ਗਏ ਸਨ। 21 ਫ਼ਰਵਰੀ ਨੂੰ ਇਕ ਪ੍ਰਮੁੱਖ ਅੰਗਰੇਜ਼ੀ ਅਖਬਾਰ ਨੇ ਖਬਰ ਦਿਤੀ  ਸੀ ਕਿ ਇਹ ਪੈਸਾ ਬੰਗਲਾਦੇਸ਼ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਵੋਟਿੰਗ ਫ਼ੀ ਸਦੀ  ਵਧਾਉਣ ਲਈ ਅਪਣੇ  ਦੋਸਤ ਨਰਿੰਦਰ ਮੋਦੀ ਨੂੰ 21 ਮਿਲੀਅਨ ਡਾਲਰ ਦਿਤੇ ਹਨ।’’

ਕਾਂਗਰਸ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਟਰੰਪ ਦੇ ਬਿਆਨ ਤੋਂ ਬਾਅਦ ਚਾਰੇ ਪਾਸੇ ਚੁੱਪ ਹੈ। ਅਜਿਹੇ ’ਚ ਦੇਸ਼ ਲਈ ਇਹ ਸਾਹਮਣੇ ਆਉਣਾ ਜ਼ਰੂਰੀ ਹੈ ਕਿ ਹੁਣ ਕੌਣ ਸੱਚ ਬੋਲ ਰਿਹਾ ਹੈ, ਕੌਣ ਝੂਠ ਬੋਲ ਰਿਹਾ ਹੈ।

ਦੂਜੇ ਪਾਸੇ ਖੇੜਾ ’ਤੇ  ਨਿਸ਼ਾਨਾ ਵਿੰਨ੍ਹਦਿਆਂ ਭਾਜਪਾ ਨੇਤਾ ਅਜੇ ਆਲੋਕ ਨੇ ਕਿਹਾ ਕਿ ਕਾਂਗਰਸ ਦੇ ਲੋਕ ਸ਼ਾਇਦ ਅਪਣਾ  ਮਾਨਸਿਕ ਸੰਤੁਲਨ ਗੁਆ ਚੁਕੇ ਹਨ। ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਹੀ ਵਿਖਾ  ਚੁਕੇ ਹਾਂ ਕਿ ਸਰਕਾਰ ਨੂੰ 2004-14 ਦਰਮਿਆਨ 211.9 ਕਰੋੜ ਡਾਲਰ ਅਤੇ 2014-25 ਦਰਮਿਆਨ ਸਿਰਫ 15 ਲੱਖ ਡਾਲਰ ਮਿਲੇ। ਅਸੀਂ ਇਨ੍ਹਾਂ ਚੀਜ਼ਾਂ ਨੂੰ ਬੰਦ ਕਰ ਰਹੇ ਹਾਂ। ਭਾਰਤ ਸਰਕਾਰ ਹੁਣ ਕਾਰਵਾਈ ਕਰ ਰਹੀ ਹੈ, ਅਮਰੀਕੀ ਸਰਕਾਰ ਨੇ ਇਕ  ਸੂਚੀ ਜਾਰੀ ਕੀਤੀ ਹੈ ਕਿ ਕਿਸ ਨੂੰ ਕਿੱਥੋਂ ਪੈਸਾ ਮਿਲਿਆ... ਇਹ ਇਕ  ‘ਡੀਪ ਸਟੇਟ’ (ਬਾਹਰੀ ਤਾਕਤਾਂ ਜੋ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਤ  ਕਰ ਸਕਦੀਆਂ ਹਨ) ਦਾ ਹਿੱਸਾ ਹੈ। (ਕਾਂਗਰਸ) ‘ਭਾਰਤ ਜੋੜੋ ਯਾਤਰਾ’ ਨੂੰ ਵੀ ਇਸੇ ਪੈਸੇ ਨਾਲ ਫੰਡ ਦਿਤਾ ਜਾ ਰਿਹਾ ਸੀ।’’