ਕੋਰੋਨਾ: ਦੁਨੀਆ ਭਰ ‘ਚ 13 ਹਜ਼ਾਰ ਤੋਂ ਜ਼ਿਆਦਾ ਮੌਤਾਂ, 1 ਅਰਬ ਅਬਾਦੀ ਘਰਾਂ ‘ਚ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਨੂੰ ਫੈਲ਼ਣ ਤੋਂ ਰੋਕਣ ਲਈ ਐਤਵਾਰ ਨੂੰ ਕਰੀਬ ਇਕ ਅਰਬ ਲੋਕ ਘਰਾਂ ਵਿਚ ਬੰਦ ਰਹੇ।

Photo

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਨੂੰ ਫੈਲ਼ਣ ਤੋਂ ਰੋਕਣ ਲਈ ਐਤਵਾਰ ਨੂੰ ਕਰੀਬ ਇਕ ਅਰਬ ਲੋਕ ਘਰਾਂ ਵਿਚ ਬੰਦ ਰਹੇ। ਉੱਥੇ ਹੀ ਇਸ ਭਿਆਨਕ ਵਾਇਰਸ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਵਿਚ ਕਾਰਖਾਨੇ ਤੱਕ ਬੰਦ ਕਰ ਦਿੱਤੇ ਗਏ ਹਨ।

ਇਸ ਮਹਾਮਾਰੀ ਦੇ ਕਾਰਨ ਦੁਨੀਆ ਦੇ ਕਰੀਬ 35 ਮੁਲਕਾਂ ਨੇ ਬੰਦ (ਲਾਕਡਾਊਨ) ਕੀਤਾ ਹੈ, ਜਿਸ ਨਾਲ ਜਨਜੀਵਨ, ਯਾਤਰਾ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਉੱਥੇ ਹੀ ਸਰਕਾਰਾਂ ਬਾਰਡਰ ਬੰਦ ਕਰਨ ਨੂੰ ਲੈ ਕੇ ਵੀ ਜੱਦੋਜਾਹਦ ਕਰ ਰਹੀਆਂ ਹਨ। ਇਸ ਦੇ ਨਾਲ ਹੀ ਆਰਥਕ ਮੰਦੀ ਤੋਂ ਬਚਣ ਲਈ ਐਮਰਜੈਂਸੀ ਹੱਲ ਵੀ ਕੱਢੇ ਜਾ ਰਹੇ ਹਨ।

ਦੁਨੀਆ ਭਰ ਵਿਚ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਟਲੀ ਵਿਚ ਸਥਿਤੀ ਗੰਭੀਰ ਹੈ, ਜਿੱਥੇ 4800 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ, ਜੋ ਦੁਨੀਆ ਭਰ ਵਿਚ ਇਸ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦਾ ਕਰੀਬ ਇਕ ਤਿਹਾਈ ਅੰਕੜਾ ਹੈ।

ਇਟਲੀ ਦੇ ਪ੍ਰਧਾਨ ਮੰਤਰੀ ਜੀਐਸੇਪੇ ਕਾਨਟੇ ਨੇ ਸ਼ਨੀਵਾਰ ਦੇਰ ਰਾਤ ਟੀਵੀ ਦੇ ਜ਼ਰੀਏ ਅਪਣੇ ਸੰਬੋਧਨ ਵਿਚ ਗੈਰ-ਜ਼ਰੂਰੀ ਕਾਰਖਾਨਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਛੇ ਕਰੋੜ ਦੀ ਅਬਾਦੀ ਵਾਲਾ ਇਟਲੀ ਪਿਛਲੇ ਸਾਲ ਚੀਨ ਵਿਚ ਸਾਹਮਣੇ ਆਈ ਬਿਮਾਰੀ ਦਾ ਨਵਾਂ ਕੇਂਦਰ ਬਣ ਗਿਆ ਹੈ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ, ‘ਇਹ ਸਾਂਝਾ ਰਾਸ਼ਟਰੀ ਬਲਿਦਾਨ ਦਾ ਸਮਾਂ ਹੈ ਪਰ ਇਹ ਅਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਦਾ ਵੀ ਸਮਾਂ ਹੈ’। ਇਸ ਮਹਾਮਾਰੀ ਨੇ ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ ਨੂੰ ਹਿਲਾ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਅਮਰੀਕਾ ਵੀ ਐਮਰਜੈਂਸੀ ਉਪਾਅ ਦੇ ਤਹਿਤ ਵੱਡਾ ਪੈਕੇਜ ਦੇਣ ‘ਤੇ ਵਿਚਾਰ ਕਰ ਰਿਹਾ ਹੈ।