ਸਕਾਟਲੈਂਡ ਸਰਕਾਰ ਨੇ ਸਿੱਖਾਂ-ਹਿੰਦੂਆਂ ਦੀ ਵੱਡੀ ਮੰਗ ਮੰਨੀ
ਕਲਾਈਡ ਨਦੀ 'ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਮਨਜੂਰੀ ਦਿੱਤੀ
ਸਕਾਟਲੈਂਡ : ਸਕਾਟਲੈਂਡ 'ਚ ਵੱਸਦੇ ਸਿੱਖਾਂ ਅਤੇ ਹਿੰਦੂਆਂ ਲਈ ਸਥਾਨਕ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਲਾਈਡ ਨਦੀ 'ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਹਿੰਦੂ ਅਤੇ ਸਿੱਖ ਲੋਕ ਕਈ ਸਾਲਾਂ ਤੋਂ ਇਸ ਦੀ ਮੰਗ ਕਰ ਰਹੇ ਸਨ। ਅਸਥੀਆਂ ਜਲ ਪ੍ਰਵਾਹ ਕਰਨ ਲਈ ਕਲਾਈਡ ਨਦੀ ਦੇ ਨੇਵਾਰਕ ਤਟ 'ਤੇ ਮੌਜੂਦ ਸ਼ਾਂਤ ਇਲਾਕਿਆਂ ਨੂੰ ਚੁਣਿਆ ਗਿਆ ਹੈ। ਇਹ ਸਥਾਨ ਗਲਾਸਗੋ ਸ਼ਹਿਰ ਤੋਂ ਲਗਭਗ 35 ਕਿਲੋਮੀਟਰ ਦੂਰ ਹੈ। ਇੱਥੇ ਸਲਿਪ ਵੇਅ 'ਤੇ ਰੇਲਿੰਗ ਬਣਾਈ ਗਈ ਹੈ।
ਸਕਾਟਲੈਂਡ ਦੀ ਆਬਾਦੀ ਲਗਭਗ 54 ਲੱਖ ਹੈ। ਇੱਥੇ 6000 ਹਿੰਦੂ ਅਤੇ 7000 ਸਿੱਖ ਰਹਿੰਦੇ ਹਨ। ਸਰਕਾਰ ਦੇ ਨੁਮਾਇੰਦਿਆਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸਾਲ 2014 'ਚ ਇੰਗਲੈਂਡ ਦੇ ਲੀਸੈਸਟਰਸ਼ਾਇਰ 'ਚ ਸੋਰ ਨਦੀ ਵਿਚ ਅਸਥੀਆਂ ਜਲ ਪ੍ਰਵਾਹ ਲਈ ਇਕ ਥਾਂ ਤੈਅ ਕੀਤੀ ਸੀ। ਇਥੇ ਵੱਡੀ ਗਿਣਤੀ 'ਚ ਹਿੰਦੂ, ਜੈਨ ਅਤੇ ਸਿੱਖ ਰਹਿੰਦੇ ਹਨ। ਇਹ ਲੋਕ ਇੱਥੇ ਅਸਥੀਆਂ ਜਲ ਪ੍ਰਵਾਹ ਕਰਦੇ ਹਨ।
ਗਲਾਸਗੋ ਪੋਰਟ ਦੇ ਅਧਿਕਾਰੀ ਡੇਵਿਡ ਵਿਲਸਨ ਦਾ ਕਹਿਣਾ ਹੈ ਕਿ ਇਹ ਮਨੁੱਖਤਾ ਦੇ ਨਜ਼ਰੀਏ ਨਾਲ ਬਿਹਤਰ ਕੰਮ ਹੈ। ਮਾਮਲੇ ਦੇ ਸੰਵੇਦਨਸ਼ੀਲ ਹੋਣ ਕਾਰਨ ਇਸ ਵਿਚ ਸਾਰੀ ਧਿਰਾਂ ਦੀ ਰਾਏ ਲਈ ਗਈ। ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਚੁਣੀ ਗਈ ਥਾਂ ਸਨਮਾਨਜਨਕ ਹੈ। ਇਸੇ ਤਰ੍ਹਾਂ ਭਵਿੱਖ 'ਚ ਵੀ ਹਿੰਦੂਆਂ ਅਤੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾਵੇਗਾ। ਇਸ ਦੇ ਲਈ ਅਥਾਰਿਟੀ ਬਣਾਈ ਗਈ ਹੈ।
ਵਾਤਾਵਰਣ ਕਾਰਕੁਨਾਂ ਦਾ ਕਹਿਣਾ ਹੈ ਕਿ ਅਸਥੀਆਂ ਦੀ ਰਾਖ ਨਾਲ ਪਾਣੀ ਦੀ ਗੁਣਵੱਤਾ 'ਤੇ ਘੱਟ ਪ੍ਰਭਾਵ ਪੈਂਦਾ ਹੈ ਪਰ ਹੋਰ ਚੀਜ਼ਾਂ ਨੂੰ ਪਾਣੀ ਵਿਚ ਨਾ ਪਾਇਆ ਜਾਵੇ।