ਅਮਰੀਕਾ ਨਹੀਂ, ਜੇਲ ਪਹੁੰਚ ਰਹੇ ਨੇ ਪੰਜਾਬੀ ਮੁੰਡੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬ ਦੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦਾ ਵਿਦੇਸ਼ ਜਾਣ........

America

ਵਾਸ਼ਿੰਗਟਨ : ਪੰਜਾਬ ਦੇ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਉਨ੍ਹਾਂ ਨੂੰ ਜੇਲ ਪਹੁੰਚਾ ਰਿਹਾ ਹੈ। ਤਾਜ਼ਾ ਮਾਮਲਾ ਅਜਿਹੇ ਪੰਜਾਬੀ ਨੌਜਵਾਨ ਦਾ ਹੈ ਜੋ ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਦਾ ਹੈ। ਇਹ ਨੌਜਵਾਨ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹੱਥ ਚੜ੍ਹ ਗਿਆ ਤੇ ਪਿਛਲੇ ਲਗਭਗ 16 ਮਹੀਨਿਆਂ ਤੋਂ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਰਹਿ ਰਿਹਾ ਹੈ। ਹੁਣ ਇਸ ਨੌਜਵਾਨ ਨੂੰ ਅਮਰੀਕਾ 'ਚੋਂ ਕੱਢ ਕੇ ਭਾਰਤ ਵਾਪਸ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। 

ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਇਹ ਨੌਜਵਾਨ ਲਗਭਗ ਦੋ ਸਾਲ ਪਹਿਲਾਂ ਏਜੰਟਾਂ ਰਾਹੀਂ ਅਮਰੀਕਾ ਪੁੱਜਾ ਸੀ। ਨੌਜਵਾਨ ਦਾ ਪਿਤਾ ਪੰਜਾਬ ਪੁਲਿਸ ਮੁਲਾਜ਼ਮ ਹੈ ਜਦਕਿ ਮਾਤਾ ਘਰ ਰਹਿੰਦੀ ਹੈ। ਟਰੈਵਲ ਏਜੰਟ ਹਾਲੇ ਫ਼ਰਾਰ ਹੈ। ਨੌਜਵਾਨ ਦੇ ਪਰਵਾਰ ਨੇ ਕਿਹਾ ਕਿ ਉਨ੍ਹਾਂ ਅਪਣੇ ਬੱਚੇ ਨੂੰ ਅਮਰੀਕਾ ਭੇਜਣ ਲਈ ਲਗਭਗ 47 ਲੱਖ ਰੁਪਏ ਖ਼ਰਚ ਕੀਤੇ ਹਨ। ਇਹ ਪੰਜਾਬੀ ਨੌਜਵਾਨ ਉਨ੍ਹਾਂ ਲਗਭਗ 100 ਭਾਰਤੀ ਨੌਜਵਾਨਾਂ ਵਿਚ ਸ਼ਾਮਲ ਹੈ ਜੋ ਹਿਰਾਸਤੀ ਕੇਂਦਰ ਵਿਚ ਰਹਿ ਰਹੇ ਹਨ। 

100 ਨੌਜਵਾਨਾਂ ਵਿਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਸਰਕਾਰੀ ਅੰਕੜਿਆਂ ਅਨੁਸਾਰ 40-45 ਭਾਰਤੀ ਨਿਊ ਮੈਕਸਿਕੋ ਦੇ ਦਖਣੀ ਅਮਰੀਕੀ ਰਾਜ ਵਿਚ ਬਣੇ ਸੰਘੀ ਹਿਰਾਸਤ ਕੇਂਦਰ ਵਿਚ ਹਨ ਜਦਕਿ 52 ਭਾਰਤੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਹਨ, ਓਰੇਗੋਨ ਦੇ ਹਿਰਾਸਤੀ ਕੇਂਦਰ ਵਿਚ ਹਨ। 
 ਅਮਰੀਕਾ ਵਿਚ ਸ਼ਰਨ ਲੈਣ ਦੀ ਪੰਜਾਬੀ ਨੌਜਵਾਨਾਂ ਦੀ ਮੰਗ 'ਤੇ ਬਹਿਸ ਕਰਨ ਲਈ ਕੋਈ ਮਦਦ ਨਹੀਂ ਕਰ ਰਿਹਾ ਕਿਉਂਕਿ ਘੱਟ ਗਿਣਤੀ ਸਿੱਖਾਂ ਦੇ ਕੇਸ ਬਹੁ ਗਿਣਤੀ ਹਿੰਦੂਆਂ ਵਲੋਂ ਲੜੇ ਜਾਂਦੇ ਹਨ ਜੋ ਅਮਰੀਕਾ ਦੇ ਜੱਜਾਂ ਨੂੰ ਮਨਾਉਣ ਵਿਚ ਅਸਫ਼ਲ ਰਹੇ ਹਨ।

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਅਧਿਕਾਰੀ ਸਤਨਾਮ ਸਿੰਘ ਚਾਹਲ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਸਿਆਸਤਦਾਨਾਂ, ਅਧਿਕਾਰੀਆਂ ਅਤੇ ਮਨੁੱਖੀ ਤਸਕਰਾਂ ਦਾ ਵੱਡਾ ਗਿਰੋਹ ਹੈ ਜੋ ਪੰਜਾਬ ਦੇ ਨੌਜਵਾਨਾਂ ਨੂੰ ਅਪਣੇ ਘਰ ਛੱਡ ਕੇ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣ ਦਾ ਲਾਲਚ ਦਿੰਦੇ ਹਨ ਅਤੇ ਹਰ ਇਕ ਨੌਜਵਾਨ ਤੋਂ 35-50 ਲੱਖ ਰੁਪਏ ਲਏ ਜਾਂਦੇ ਹਨ। ਨਾਪਾ ਵਲੋਂ ਹਾਸਲ ਜਾਣਕਾਰੀ ਅਨੁਸਾਰ ਸਾਲ 2013-2014-2014 ਦੇ ਸਮੇਂ ਦੌਰਾਨ 27 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਅਮਰੀਕੀ ਸਰਹੱਦ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਵਿਚੋਂ ਚਾਰ ਹਜ਼ਾਰ ਤੋਂ ਜ਼ਿਆਦਾ ਔਰਤਾਂ ਅਤੇ ਲਗਭਗ 350 ਬੱਚੇ ਸਨ।

ਇਹ ਵੀ ਰੀਪੋਰਟਾਂ ਹਨ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਅਮਰੀਕੀ ਜੇਲਾਂ ਵਿਚ ਬੰਦ ਹਨ। ਸਾਲ 2015 ਵਿਚ ਲਗਭਗ 900 ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿਣ ਕਾਰਨ ਜੇਲ ਭੇਜਿਆ ਗਿਆ ਸੀ।  ਇਮੀਗ੍ਰੇਸ਼ਨ ਅਟਾਰਨੀ ਅਕਾਂਕਸ਼ਾ ਕਾਇਰਾ ਅਨੁਸਾਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਵਾਲੇ ਭਾਰਤੀਆਂ ਵਿਚੋਂ ਬਹੁਤੇ ਪੰਜਾਬ ਦੇ ਅਤੇ ਗੁਜਰਾਤ ਦੇ ਹੁੰਦੇ ਹਨ।  (ਪੀ.ਟੀ.ਆਈ.)