WHO ਨੇ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਦਿਤੀ ਜਾਣਕਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਭਰ ਅੰਦਰ 24 ਘੰਟਿਆਂ ਦੌਰਾਨ ਪੌਣੇ ਦੋ ਲੱਖ ਤੋਂ ਵਧੇਰੇ ਕੇਸ ਆਏ ਸਾਹਮਣੇ

Corona Virus

ਜਿਨੇਵਾ : ਵਿਸ਼ਵ ਸਿਹਤ ਸੰਗਠਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿਤੀ ਹੈ। ਦੁਨੀਆਂ ਭਰ ਵਿਚ ਪਿਛਲੇ 24 ਘੰਟਿਆਂ ਵਿਚ 1,83,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਕਿਹਾ ਕਿ ਸੱਭ ਤੋਂ ਜ਼ਿਆਦਾ 54,771 ਮਾਮਲੇ ਬ੍ਰਾਜ਼ੀਲ ਵਿਚ ਸਾਹਮਣੇ ਆਏ। ਇਸ ਤੋਂ ਬਾਅਦ ਅਮਰੀਕਾ ਵਿਚ 36,617 ਅਤੇ ਭਾਰਤ ਵਿਚ 15,400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਵੱਧ ਰਹੇ ਮਾਮਲੇ ਕਈ ਕਾਰਕਾਂ ਨੂੰ ਦਰਸ਼ਾਉਂਦੇ ਹਨ ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਜਾਂਚ ਨਾਲ ਵੀ ਵਿਆਪਕ ਪੱਧਰ 'ਤੇ ਲਾਗ ਫੈਲਣਾ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਨੇ ਦਸਿਆ ਕਿ ਦੁਨੀਆਂ ਭਰ ਵਿਚ ਇਸ ਆਲਮੀ ਮਹਾਂਮਾਰੀ ਨਾਲ ਹੁਣ ਤਕ 87,08,008 ਲੋਕ ਪੀੜਤ ਹਨ ਅਤੇ ਇਨ੍ਹਾਂ ਵਿਚੋਂ 1,83,020 ਲੋਕ ਪਿਛਲੇ 24 ਘੰਟਿਆਂ ਵਿਚ ਵਾਇਰਸ ਦੀ ਲਪੇਟ ਵਿਚ ਆਏ ਹਨ। ਉਥੇ ਹੀ ਵਿਸ਼ਵ ਭਰ ਵਿਚ ਹੁਣ ਤਕ 4,61,715 ਲੋਕਾਂ ਦੀ ਮੌਤ ਹੋਈ ਹੈ ਅਤੇ ਰੋਜ਼ਾਨਾ ਇਸ ਵਿਚ 4,747 ਮੌਤਾਂ ਦਾ ਵਾਧਾ ਹੋ ਰਿਹਾ ਹੈ। ਮੌਤ ਦੇ ਇਨਾਂ ਮਾਮਲਿਆਂ ਵਿਚ ਦੋ ਤਿਹਾਈ ਮਾਮਲੇ ਅਮਰੀਕਾ ਦੇ ਹਨ।

ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੁਨੀਆਂ ਭਰ ਵਿਚ ਲਾਗ ਦੇ ਸੱਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿਚ ਹਨ ਜਿਥੇ 22 ਲੱਖ ਲੋਕ ਪੀੜਤ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵੀ ਸੱਭ ਤੋਂ ਜ਼ਿਆਦਾ 1,20,000 ਇਥੇ ਹੀ ਹੈ।

ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕੁੱਲ ਮਾਮਲੇ ਇਕ ਦਿਨ ਵਿਚ 50,000 ਤੋਂ ਜ਼ਿਆਦਾ ਵੱਧ ਗਏ ਹਨ। ਰਾਸ਼ਟਰਪਤੀ ਜਾਇਰ ਬੋਲਸੋਨਾਰੋ ਇਸ ਜੋਖ਼ਮ ਨੂੰ ਘੱਟ ਸਮਝ ਰਹੇ ਹਨ ਜਦੋਂਕਿ ਉਨ੍ਹਾਂ ਦੇ ਦੇਸ਼ ਵਿਚ ਹੁਣ ਤਕ 50,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਵਿਸ਼ਵ ਵਿਚ ਦੂਜੀ ਸੱਭ ਤੋਂ ਜ਼ਿਆਦਾ ਮੌਤ ਦਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।