ਕੋਰੋਨਾ ਵਾਇਰਸ ਨੇ ਕੀਤਾ ਮਜਬੂਰ, ਫਿਰ ਵੀ ਪੂਰੀ ਦੁਨੀਆ ਵਿਚ ਯੋਗ ਦਿਵਸ ਦੀ ਧੂਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ

Yoga Day

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਪਰ ਫਿਰ ਵੀ ਅੱਜ ਪੂਰੀ ਦੁਨੀਆ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਹੈ। ਅਮਰੀਕਾ ਤੋਂ ਲੈ ਕੇ  ਦੁਬਈ ਤੱਕ ਲੋਕਾਂ ਨੇ ਯੋਗ ਕੀਤਾ। ਕੋਰੋਨਾ ਦੀ ਲਾਗ ਫੈਲਣ ਦੇ ਡਰ ਨੂੰ ਦੇਖਦੇ ਹੋਏ ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਕੋਈ ਜਨਤਕ ਸਮਾਰੋਹ ਦਾ ਅਯੋਜਨ ਨਹੀਂ ਕੀਤਾ ਗਿਆ।

ਪੀਐਮ ਮੋਦੀ ਨੇ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਹੀ ਯੋਗ ਕਰਨ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਇਸ ਮੌਕੇ ‘ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਯੋਗ ਦੀ ਬਹੁਤ ਲੋੜ ਹੈ ਕਿਉਂਕਿ ਇਸ ਨਾਲ ਸਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ। ਯੋਗ ਗੁਰੂ ਬਾਬਾ ਰਾਮਦੇਵ ਤੋਂ ਇਲਾਵਾ ਕਈ ਲੋਕ ਘਰਾਂ ਵਿਚ ਅੱਜ ਸਵੇਰ ਤੋਂ ਹੀ ਯੋਗ ਕਰਦੇ ਨਜ਼ਰ ਆਏ।

ਖ਼ਾਸ ਗੱਲ ਇਹ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਨੂੰ ਦੇਖਦੇ ਹੋਏ ਲੋਕਾਂ ਨੇ ਇਕੱਠੇ ਹੋ ਕੇ ਯੋਗ ਕਰਨ ਦੀ ਥਾਂ ਅਪਣੇ-ਅਪਣੇ ਘਰਾਂ ਵਿਚ ਰਹਿ ਕੇ ਪਰਿਵਾਰਾਂ ਦੇ ਨਾਲ ਮਿਲ ਕੇ ਹੀ ਯੋਗ ਕੀਤਾ।ਇਸ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ‘ਘਰ 'ਤੇ ਯੋਗ ਪਰਿਵਾਰ ਦੇ ਨਾਲ ਯੋਗ ਰੱਖਿਆ ਗਿਆ ਹੈ’।  ਇਸ ਸਮਾਰੋਹ ਵਿਚ ਵਿਦੇਸ਼ਾਂ ਵਿਚ ਸਥਿਤ ਭਾਰਤੀ ਮਿਸ਼ਨ ਨਾਲ ਜੁੜੀਆਂ ਸੰਸਥਾਵਾਂ ਆਨਲਾਈਨ ਜੁੜਨਗੀਆਂ ਅਤੇ ਦੁਨੀਆ ਨੂੰ ਯੋਗ ਦਾ ਸੰਦੇਸ਼ ਦੇਣਗੀਆਂ।

ਆਯੁਸ਼ ਮੰਤਰਾਲੇ ਨੇ ਲੌਕਡਾਊਨ ਵਿਚ ਯੋਗ ਨੂੰ ਖਾਸ ਬਣਾਉਣ ਲਈ ਵਿਸ਼ੇਸ਼ ਤਿਆਰੀ ਵੀ ਕੀਤੀ ਹੈ। ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਲੋਕਾਂ ਨੂੰ #MyLifeMyYoga ਦੇ ਨਾਲ ਆਨਲਾਈਨ ਜੁੜਨ ਦੀ ਅਪੀਲ ਕੀਤੀ ਹੈ। ਦੁਬਈ ਵਿਚ ਵੀ ਭਾਰਤੀ ਦੂਤਾਵਾਸ ਦੇ ਲੋਕਾਂ ਨੇ ਯੋਗ ਦਿਵਸ ਮੌਕੇ ਸਮਾਰੋਹ ਦਾ ਅਯੋਜਨ ਕੀਤਾ, ਜਿਸ ਵਿਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਇਸ ਤੋਂ ਇਲਾਵਾ ਅਮਰੀਕਾ ਵਿਚ ਵੀ ਯੋਗ ਦਿਵਸ ਮੌਕੇ ਲੋਕ ਘਰਾਂ ਵਿਚ ਹੀ ਯੋਗ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਲਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਚੀਨ ਨਾਲ ਜਾਰੀ ਤਣਾਅ ਦੌਰਾਨ ਆਈਟੀਬੀਪੀ ਦੇ ਜਵਾਨਾਂ ਨੇ ਜ਼ੀਰੋ ਡਿਗਰੀ ਤੋਂ ਘੱਟ ਤਾਪਮਾਨ ਵਿਚ ਬਰਫ ‘ਤੇ ਯੋਗ ਕੀਤਾ।