ਅਮਰੀਕਾ: ਬਿਡੇਨ ਜੋੜੇ ਨੇ ਵ੍ਹਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਕੀਤੀ ਮੇਜ਼ਬਾਨੀ
ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ, ਇਕ-ਦੂਜੇ ਨੂੰ ਤੋਹਫੇ ਦਿਤੇ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸੰਗੀਤ ਦਾ ਆਨੰਦ ਲਿਆ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ, ਇਕ-ਦੂਜੇ ਨੂੰ ਤੋਹਫੇ ਦਿਤੇ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸੰਗੀਤ ਦਾ ਆਨੰਦ ਲਿਆ।
ਰਾਸ਼ਟਰਪਤੀ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਨੇ ਵ੍ਹਾਈਟ ਹਾਊਸ ਦੇ ਦੱਖਣੀ ਪੋਰਟੀਕੋ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਵ੍ਹਾਈਟ ਹਾਊਸ 'ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਤਸਵੀਰਾਂ ਖਿਚਵਾਈਆਂ ਅਤੇ ਗੱਲਬਾਤ ਕਰਦੇ ਵੀ ਨਜ਼ਰ ਆਏ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਮੈਂ ਅੱਜ ਵ੍ਹਾਈਟ ਹਾਊਸ ਵਿਚ ਮੇਰੀ ਮੇਜ਼ਬਾਨੀ ਕਰਨ ਲਈ ਰਾਸ਼ਟਰਪਤੀ ਜੋ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਦਾ ਧੰਨਵਾਦ ਕਰਦਾ ਹਾਂ। ਅਸੀਂ ਕਈ ਵਿਸ਼ਿਆਂ 'ਤੇ ਗੱਲ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, “...ਜਦੋਂ ਦੋਸਤ ਮਿਲਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਿਡੇਨ, ਫਸਟ ਲੇਡੀ ਜਿਲ ਬਿਡੇਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਿੱਜੀ ਮੁਲਾਕਾਤ ਲਈ ਵ੍ਹਾਈਟ ਹਾਊਸ ਪਹੁੰਚੇ। ਦੋਵਾਂ ਨੇਤਾਵਾਂ ਲਈ ਨਜ਼ਦੀਕੀ ਸਬੰਧਾਂ ਨੂੰ ਸਾਂਝਾ ਕਰਨ ਦਾ ਮੌਕਾ...”
ਵ੍ਹਾਈਟ ਹਾਊਸ ਮੁਤਾਬਕ ਰਾਸ਼ਟਰਪਤੀ, ਫਸਟ ਲੇਡੀ ਅਤੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨੂੰ ਸਮਰਪਿਤ ਸੰਗੀਤ ਦਾ ਆਨੰਦ ਲਿਆ। ਸਥਾਨਕ ਭਾਰਤੀ ਡਾਂਸ ਗਰੁੱਪ 'ਸਟੂਡੀਓ ਧੂਮ' ਦੇ ਨੌਜਵਾਨ ਡਾਂਸਰਾਂ ਨੇ ਵੀ ਪ੍ਰਦਰਸ਼ਨ ਕੀਤਾ।
ਇਸ ਮੌਕੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਜੈਪੁਰ ਦੇ ਇੱਕ ਮਾਸਟਰ ਕਾਰੀਗਰ ਦੁਆਰਾ ਹੱਥ ਨਾਲ ਤਿਆਰ ਕੀਤਾ ਇੱਕ ਵਿਸ਼ੇਸ਼ ਚੰਦਨ ਦਾ ਬਕਸਾ ਭੇਂਟ ਕੀਤਾ। ਇਸ ਵਿਚ ਭਗਵਾਨ ਗਣੇਸ਼ ਦੀ ਇੱਕ ਮੂਰਤੀ ਅਤੇ ਇੱਕ ਦੀਵਾ (ਤੇਲ ਦਾ ਲੈਂਪ) ਸੀ, ਜੋ ਕੋਲਕਾਤਾ ਦੇ ਚਾਂਦੀ ਦੇ ਕਾਰੀਗਰਾਂ ਦੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਦੁਆਰਾ ਹੱਥੀਂ ਬਣਾਇਆ ਗਿਆ ਸੀ।
ਉਨ੍ਹਾਂ ਨੇ ਫਸਟ ਲੇਡੀ ਜਿਲ ਬਿਡੇਨ ਨੂੰ 7.5-ਕੈਰੇਟ ਦਾ ਲੈਬ ਵਿਚ ਤਿਆਰ ਹੀਰਾ ਵੀ ਤੋਹਫ਼ੇ ਵਿਚ ਦਿਤਾ। ਇਸ ਹਰੇ ਰੰਗ ਦੇ ਹੀਰੇ ਨੂੰ ਕਰ-ਏ-ਕਲਮਦਾਨੀ ਦੇ ਨਾਂ ਨਾਲ ਜਾਣੇ ਜਾਂਦੇ ਪਪੀਅਰ ਮਾਚ ਬਾਕਸ ਵਿਚ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਦਿਨ ਵਿਚ ਜਿਲ ਬਿਡੇਨ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ (NSF) ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕੀਤੀ, ਜਿੱਥੇ ਉਹਨਾਂ ਨੇ ਸਿੱਖਿਆ ਅਤੇ ਕਾਰਜਬਲ 'ਤੇ ਭਾਰਤ ਅਤੇ ਅਮਰੀਕਾ ਦੀਆਂ ਸਾਂਝੀਆਂ ਤਰਜੀਹਾਂ ਦੀ ਰੂਪਰੇਖਾ ਦੇਣ ਵਾਲੇ ਇੱਕ ਸਮਾਗਮ ਵਿਚ ਹਿੱਸਾ ਲਿਆ।
ਬਿਡੇਨ ਜੋੜਾ ਵੀਰਵਾਰ, 22 ਜੂਨ ਨੂੰ ਵ੍ਹਾਈਟ ਹਾਊਸ ਦੇ ਦੱਖਣੀ ਲਾਅਨ 'ਤੇ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਸਟੇਟ ਡਿਨਰ ਦੀ ਮੇਜ਼ਬਾਨੀ ਕਰੇਗਾ, ਜਿਸ ਵਿਚ 400 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।
ਵ੍ਹਾਈਟ ਹਾਊਸ ਮੁਤਾਬਕ ਅਧਿਕਾਰਤ ਤੋਹਫੇ ਵਜੋਂ ਰਾਸ਼ਟਰਪਤੀ ਅਤੇ ਫਸਟ ਲੇਡੀ ਪ੍ਰਧਾਨ ਮੰਤਰੀ ਮੋਦੀ ਨੂੰ 20ਵੀਂ ਸਦੀ ਦੀ ਸ਼ੁਰੂਆਤੀ, ਪੁਰਾਤਨ ਹੱਥਾਂ ਨਾਲ ਬਣੀ ਅਮਰੀਕੀ ਕਿਤਾਬ 'ਗੈਲੀ' ਭੇਂਟ ਕੀਤੀ ਗਈ।
ਕਥਿਤ ਤੌਰ 'ਤੇ ਬਿਡੇਨ ਜੋੜੇ ਨੇ ਇੱਕ ਵਿੰਟੇਜ ਅਮਰੀਕਨ ਕੈਮਰਾ, ਜਾਰਜ ਈਸਟਮੈਨ ਦੇ ਪਹਿਲੇ ਕੋਡਕ ਕੈਮਰਾ ਪੇਟੈਂਟ ਅਤੇ ਅਮਰੀਕੀ ਜੰਗਲੀ ਜੀਵ ਫੋਟੋਗ੍ਰਾਫੀ 'ਤੇ ਇੱਕ (ਹਾਰਡਕਵਰ) ਕਿਤਾਬ ਦੇ ਪੁਰਾਲੇਖ ਚਿੱਤਰ ਦੇ ਨਾਲ ਇੱਕ ਵਿੰਟੇਜ ਅਮਰੀਕਨ ਕੈਮਰਾ ਵੀ ਤੋਹਫ਼ੇ ਵਿਚ ਦਿਤਾ। ਉਨ੍ਹਾਂ ਨੇ ‘ਕਲੈਕਟਡ ਪੋਇਮਜ਼ ਆਫ ਰੌਬਰਟ ਫਰੌਸਟ’ ਦੀ ਦਸਤਖਤ ਕੀਤੀ ਪਹਿਲੀ ਐਡੀਸ਼ਨ ਦੀ ਕਾਪੀ ਵੀ ਭੇਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ ਦੇ ਸੱਦੇ 'ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰ ਰਹੇ ਹਨ।