ਭਾਰਤ-ਅਮਰੀਕਾ ਨੂੰ ਵਿਕਾਸ ਦੀ ਰਫ਼ਤਾਰ ਬਰਕਰਾਰ ਰੱਖਣ ਲਈ ‘ਹੁਨਰ’ ਦੀ ਲੋੜ: ਮੋਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਮੋਦੀ ਨੇ ਬੁਧਵਾਰ ਨੂੰ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ (ਐਨਐਸਐਫ) ਦੁਆਰਾ ਆਯੋਜਤ ‘ਸਕਿਲਿੰਗ ਫ਼ਾਰ ਦਿ ਫ਼ਿਊਚਰ ਈਵੈਂਟ’ ਵਿਚ ਸ਼ਿਰਕਤ ਕੀਤੀ

PM Modi participates in "India and USA: Skilling for Future" event

 

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਿਆ ਅਤੇ ਕਾਰਜਬਲ ’ਤੇ ਭਾਰਤ ਅਤੇ ਅਮਰੀਕਾ ਦੀਆਂ ਸਾਂਝੀਆਂ ਤਰਜੀਹਾਂ ਨੂੰ ਉਜਾਗਰ ਕਰਨ ਲਈ ਇਥੇ ਆਯੋਜਤ ਇਕ ਸਮਾਗਮ ’ਚ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਦੋਵਾਂ ਦੇਸ਼ਾਂ ਨੂੰ ‘ਕੁਸ਼ਲ ਹੁਨਰ ਵਿਕਸਿਤ’ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੁਧਵਾਰ ਨੂੰ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ (ਐਨਐਸਐਫ) ਦੁਆਰਾ ਆਯੋਜਤ ‘ਸਕਿਲਿੰਗ ਫ਼ਾਰ ਦਿ ਫ਼ਿਊਚਰ ਈਵੈਂਟ’ ਵਿਚ ਸ਼ਿਰਕਤ ਕੀਤੀ, ਜਿਥੇ ਉਨ੍ਹਾਂ ਦੀ ਮੇਜ਼ਬਾਨੀ ਫਸਟ ਲੇਡੀ ਜਿਲ ਬਾਈਡੇਨ ਨੇ ਕੀਤੀ। ਇਹ ਪ੍ਰੋਗਰਾਮ ਸਮਾਜ ਵਿਚ ਮਿਆਰੀ ਸਿਖਿਆ ਤਕ ਪਹੁੰਚ ਨੂੰ ਵਧਾਉਣ ਅਤੇ ਉਸ ਦਾ ਵਿਸਥਾਰ ਕਰਨ ਲਈ ਉੱਚ ਸਿਖਿਆ ਸੰਸਥਾਵਾਂ ਵਿਚ ਕਾਰਜਬਲ ਨੂੰ ਮੁੜ ਵਿਕਸਤ ਕਰਨ ’ਤੇ ਕੇਂਦਰਿਤ ਸੀ।

 

ਪ੍ਰਧਾਨ ਮੰਤਰੀ ਨੇ ਸਿਖਿਆ, ਹੁਨਰ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਭਾਰਤ ਵਲੋਂ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਅਕਾਦਮਿਕ ਅਤੇ ਖੋਜ ਪ੍ਰਣਾਲੀਆਂ ਵਿਚਕਾਰ ਚੱਲ ਰਹੇ ਦੁਵੱਲੇ ਅਕਾਦਮਿਕ ਆਦਾਨ-ਪ੍ਰਦਾਨ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ, “ਮੈਂ ਹਕੀਕਤ ਵਿਚ ਖ਼ੁਸ਼ ਹਾਂ ਕਿ ਮੈਨੂੰ ਇਥੇ ਨੌਜਵਾਨ ਅਤੇ ਰਚਨਾਤਮਕ ਸੋਚ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਭਾਰਤ ਐਨਐਸਐਫ਼ ਦੇ ਸਹਿਯੋਗ ਨਾਲ ਕਈ ਪ੍ਰਾਜੈਕਟਾਂ ’ਤੇ ਕੰਮ ਕਰ ਰਿਹਾ ਹੈ। ਮੈਂ ਇਸ ਸਮਾਗਮ ਦੇ ਆਯੋਜਨ ਲਈ ਫਸਟ ਲੇਡੀ ਜਿਲ ਬਾਈਡੇਨ ਦਾ ਧਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਅਪਣੀ ਸਰਕਾਰ ਦੇ ਹੁਨਰ ਮਿਸ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਖਿਆ, ਹੁਨਰ ਅਤੇ ਨਵੀਨਤਾ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਜ਼ਰੂਰੀ ਹੈ ਅਤੇ ਭਾਰਤ ਨੇ ਇਸ ਦਿਸ਼ਾ ਵਿਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਹੁਨਰ ਵਿਕਸਿਤ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਦਾ ਟੀਚਾ ਇਸ ਦਹਾਕੇ ਨੂੰ “ਤਕਨੀਕੀ ਦਹਾਕਾ’’ ਬਣਾਉਣ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਕੋਲ ਵਿਸ਼ਵ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਅਤੇ ਉੱਨਤ ਤਕਨਾਲੋਜੀਆਂ ਹਨ ਜਦੋਂ ਕਿ ਭਾਰਤ ਵਿਚ ਦੁਨੀਆ ’ਚ ਸਭ ਤੋਂ ਵੱਧ ਨੌਜਵਾਨ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਭਾਈਵਾਲੀ ਟਿਕਾਊ ਅਤੇ ਸਮਾਵੇਸ਼ੀ ਸਾਬਤ ਹੋਵੇਗੀ। ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਇਹ ਸਨਮਾਨ ਦੀ ਗੱਲ ਹੈ ਕਿ ਫਸਟ ਲੇਡੀ ਜਿਲ ਬਾਈਡੇਨ ਹੁਨਰ ਵਿਕਾਸ ਨਾਲ ਸਬੰਧਤ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਸਾਡੇ ਨਾਲ ਸ਼ਾਮਲ ਹੋਈ। ਹੁਨਰ ਵਿਕਾਸ ਭਾਰਤ ਲਈ ਇਕ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਕ ਹੁਨਰਮੰਦ ਕਰਮਚਾਰੀ ਬਣਾਉਣ ਲਈ ਸਮਰਪਤ ਹਾਂ ਜੋ ਉੱਦਮ ਅਤੇ ਮੁੱਲ ਸਿਰਜਣ ਨੂੰ ਵਧਾ ਸਕਦਾ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਭਾਰਤ-ਅਮਰੀਕਾ ਸਹਿਯੋਗ ਨੂੰ ਸਰਗਰਮ ਕਰਨ ਲਈ ਪੰਜ-ਨੁਕਾਤੀ ਪ੍ਰਸਤਾਵ ਪੇਸ਼ ਕੀਤਾ।   

 

ਸਾਡਾ ਰਿਸ਼ਤਾ ਸਿਰਫ਼ ਸਰਕਾਰਾਂ ਤਕ ਹੀ ਸੀਮਤ ਨਹੀਂ ਹੈ : ਜਿਲ ਬਾਈਡੇਨ

ਅਮਰੀਕਾ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕਰਦੇ ਹੋਏ, ਫਸਟ ਲੇਡੀ ਜਿਲ ਬਾਈਡੇਨ ਨੇ ਕਿਹਾ, “ਇਸ ਸਰਕਾਰੀ ਦੌਰੇ ਦੇ ਨਾਲ ਅਸੀਂ ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਾਂ ਨੂੰ ਇੱਕਠੇ ਲਿਆ ਰਹੇ ਹਾਂ। ਸਾਡਾ ਰਿਸ਼ਤਾ ਸਿਰਫ਼ ਸਰਕਾਰਾਂ ਤਕ ਸੀਮਤ ਨਹੀਂ ਹੈ। ਅਸੀਂ ਉਨ੍ਹਾਂ ਪ੍ਰਵਾਰਾਂ ਅਤੇ ਦੋਸਤੀ ਦਾ ਜਸ਼ਨ ਮਨਾ ਰਹੇ ਹਾਂ ਜੋ ਦੁਨੀਆ ਭਰ ਵਿਚ ਸਥਿਤ ਹਨ, ਜੋ ਸਾਡੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਹਿਸੂਸ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਸਾਲਾਂ ਦੇ ਮਜ਼ਬੂਤ ਸਬੰਧਾਂ ਤੋਂ ਬਾਅਦ, ਅਮਰੀਕਾ-ਭਾਰਤ ਸਾਂਝੇਦਾਰੀ ਡੂੰਘੀ ਹੋਈ ਹੈ ਕਿਉਂਕਿ ਦੋਵੇਂ ਦੇਸ਼ ਸਾਂਝੇ ਤੌਰ ’ਤੇ ਗਲੋਬਲ ਚੁਣੌਤੀਆਂ ਨਾਲ ਨਜਿੱਠਦੇ ਹਨ।