ਪੱਛਮੀ ਬੰਗਾਲ : ਅਸਮਾਨੀ ਬਿਜਲੀ ਡਿੱਗਣ ਕਾਰਨ ਵੱਡਾ ਹਾਦਸਾ, ਤਿੰਨ ਬੱਚਿਆਂ ਸਮੇਤ 7 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਪ੍ਰੈਲ ਮਹੀਨੇ ਵਿਚ ਪੱਛਮੀ ਬੰਗਾਲ ਦੇ ਪੰਜ ਜ਼ਿਲ੍ਹਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਸੀ

photo

 

ਪੱਛਮੀ ਬੰਗਾਲ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦਸਿਆ ਕਿ ਮਾਲਦਾ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਬਿਜਲੀ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਓਲਡ ਮਾਲਦਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਕਾਲੀਆਚਕ ਖੇਤਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਚੌਧਰੀ (65), ਉਮੇ ਕੁਲਸੂਮ (6), ਦੇਬੋਸ਼੍ਰੀ ਮੰਡਲ (27), ਸੋਮਿਤ ਮੰਡਲ (10), ਨਜ਼ਰੁਲ ਐਸਕੇ (32), ਰੋਬਿਜੋਨ ਬੀਬੀ (54) ਅਤੇ ਈਸਾ ਸਰਕਾਰ (8) ਵਜੋਂ ਹੋਈ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਮਾਲਦਾ ਵਿਚ ਸ਼ਾਮ ਨੂੰ ਤੇਜ਼ ਹਨੇਰੀ ਆਈ, ਜਿਸ ਤੋਂ ਬਾਅਦ ਅਸਮਾਨੀ ਬਿਜਲੀ ਡਿੱਗਣ ਕਾਰਨ ਸੱਤ ਜਾਨਾਂ ਚਲੀਆਂ ਗਈਆਂ। ਉਨ੍ਹਾਂ ਦਸਿਆ ਕਿ ਬਿਜਲੀ ਡਿੱਗਣ ਕਾਰਨ 9 ਪਸ਼ੂਆਂ ਦੀ ਵੀ ਮੌਤ ਹੋ ਗਈ। ਡੀਐਮ ਨੇ ਕਿਹਾ ਕਿ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਪੱਛਮੀ ਬੰਗਾਲ ਦੇ ਪੰਜ ਜ਼ਿਲ੍ਹਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਸੀ। ਬਿਜਲੀ ਡਿੱਗਣ ਕਾਰਨ ਪੂਰਬੀ ਬਰਧਮਾਨ ਜ਼ਿਲ੍ਹੇ ਵਿਚ ਚਾਰ ਅਤੇ ਮੁਰਸ਼ਿਦਾਬਾਦ ਅਤੇ ਉੱਤਰੀ-24 ਪਰਗਨਾ ਵਿਚ ਦੋ-ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਪੱਛਮੀ ਮਿਦਨਾਪੁਰ ਅਤੇ ਹਾਵੜਾ ਗ੍ਰਾਮੀਣ ਜ਼ਿਲ੍ਹਿਆਂ ਤੋਂ 6 ਲੋਕਾਂ ਦੀ ਮੌਤ ਹੋ ਗਈ।