ਅਮਰੀਕਾ ਤੇ ਚੀਨ ਵਿਚਾਲੇ ਤਲਖੀ ਵਧੀ, ਹਿਊਸਟਨ ਸਥਿਤ ਚੀਨੀ ਦੂਤਾਵਾਸ ਬੰਦ ਕਰਨ ਦਾ ਆਦੇਸ਼!

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਫ਼ੈਸਲੇ ਨੂੰ ਰੱਦ ਕਰਨ ਦੀ ਕੀਤੀ ਅਪੀਲ

United States

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਦੇ ਦੋਸ਼ਾਂ ਹੇਠ ਘਿਰੇ ਚੀਨ ਦੀਆਂ ਮੁਸ਼ਕਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁਰੂ ਤੋਂ ਹੀ ਚੀਨ ਖਿਲਾਫ਼ ਹਮਲਾਵਰ ਰੁਖ ਅਪਨਾ ਰਿਹਾ ਹੈ।  ਚੀਨ 'ਤੇ ਕਰੋਨਾ ਵਾਇਰਸ ਫ਼ੈਲਾਉਣ ਦੇ ਨਾਲ-ਨਾਲ ਦੁਨੀਆਂ ਨੂੰ ਕਰੋਨਾ 'ਚ ਉਲਝਾ ਕੇ ਖੁਦ ਨੂੰ ਵਿਸ਼ਵ ਸ਼ਕਤੀ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਦੇ ਦੋਸ਼ ਵੀ ਲੱਗਦੇ ਹਨ।

ਚੀਨ ਨੇ ਜਿਸ ਤੇਜ਼ੀ ਨਾਲ ਖੁਦ ਨੂੰ ਕਰੋਨਾ ਮੁਕਤ ਐਲਾਨਿਆ ਅਤੇ ਮਗਰੋਂ ਦੱਖਣੀ ਚੀਨ ਸਾਗਰ ਸਮੇਤ ਅਪਣੇ ਗੁਆਢੀ ਮੁਲਕਾਂ ਨਾਲ ਆਢਾ ਲਾਇਆ, ਉਸ ਤੋਂ ਚੀਨ ਦੀ ਨੀਅਤ 'ਤੇ ਸ਼ੱਕ ਹੋਣਾ ਸੁਭਾਵਿਕ ਹੀ ਸੀ। ਇਹੀ ਕਾਰਨ ਹੈ ਕਿ ਅਮਰੀਕਾ ਵੀ ਚੀਨ ਨੂੰ ਘੇਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਭਾਰਤ ਨਾਲ ਚੀਨ ਦੇ ਸਰਹੱਦੀ ਵਿਵਾਦ ਦਰਮਿਆਨ ਜਿਸ ਤਰ੍ਹਾਂ ਅਮਰੀਕਾ ਦੇ ਸਮੁੰਦਰੀ ਬੇੜੇ ਦੱਖਣੀ ਚੀਨ ਸਾਗਰ ਨੇੜੇ ਸਰਗਰਮ ਹੋਏ ਸਨ, ਉਸ ਤੋਂ ਦੋਵਾਂ ਦੇਸ਼ਾਂ ਵਿਚਾਲੇ ਆਉਂਦੇ ਸਮੇਂ 'ਚ ਕੜਵਾਹਟ ਹੋਰ ਵਧਣ ਦੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

ਨਵੇਂ ਘਟਨਾਕ੍ਰਮ 'ਚ ਅਮਰੀਕਾ ਨੇ ਚੀਨ ਨੂੰ ਹਿਊਸਟਨ ਸਥਿਤ ਅਪਣਾ ਡਿਪਲੋਮੈਟਿਕ ਵਣਜ ਦੂਤਘਰ ਬੰਦ ਕਰਨ ਲਈ ਕਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ ਅਮਰੀਕਾ ਦੇ ਇਸ ਕਦਮ ਨਾਲ ਦੋਹਾਂ ਦੇਸ਼ਾਂ ਵਿਚਾਲੇ  ਵਿਗੜ ਰਹੇ ਸਬੰਧਾਂ ਨੂੰ ਹੋਰ ਝਟਕਾ ਲੱਗਾ ਹੈ। ਇਕ ਸਥਾਨਕ ਟੈਲੀਵਿਜ਼ਨ ਸਟੇਸ਼ਨ ਕੇਪੀਆਰਸੀ ਟੀਵੀ ਵਲੋਂ ਜਾਰੀ ਕੀਤੇ ਗਏ ਵੀਡੀਓ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਚੀਨ ਨੂੰ ਅਪਣੇ ਫ਼ੈਸਲੇ ਬਾਰੇ ਸੂਚਿਤ ਕਰ ਦਿਤਾ ਹੈ।

ਇਸ ਤੋਂ ਕੁੱਝ ਘੰਟੇ ਬਾਅਦ ਕੌਂਸਲੇਟ ਦੇ ਅੰਦਰਲੇ ਵਿਹੜੇ ਵਿਚੋਂ ਧੂੰਆਂ ਨਿਕਲਦਾ ਵੇਖਿਆ ਗਿਆ। ਸੂਤਰਾਂ ਮੁਤਾਬਕ ਚੀਨੀ ਮੁਲਾਜ਼ਮਾਂ ਵਲੋਂ ਦਸਤਾਵੇਜ਼ ਸਾੜ ਕੇ ਡੰਪਿੰਗ ਬੈਰਲ ਵਿਚ ਸੁੱਟ ਦਿੱਤੇ ਸਨ। ਹਿਊਸਟਨ ਪੁਲਿਸ ਅਤੇ ਫਾਇਰ ਵਿਭਾਗ ਨੇ ਮੰਗਲਵਾਰ ਸ਼ਾਮ ਨੂੰ ਅੱਗ ਲੱਗਣ ਦੀਆਂ ਖ਼ਬਰਾਂ 'ਤੇ ਅਪਣੀ ਪ੍ਰਕਿਰਿਆ ਦਿਤੀ ਪਰ ਇਮਾਰਤ ਅੰਦਰ ਦਾਖ਼ਲ ਨਹੀਂ ਹੋਏ।

ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਅਮਰੀਕਾ ਨੂੰ ਅਪਣੇ ਫ਼ੈਸਲੇ 'ਤੇ ਤੁਰੰਤ ਰੋਕ ਲਾਉਣ ਦੀ ਅਪੀਲ ਕੀਤੀ ਹੈ। ਚੀਨੀ ਬੁਲਾਰੇ ਨੇ ਕਿਹਾ ਕਿ ਚੀਨ ਨਿਸਚਿਤ ਤੌਰ 'ਤੇ ਜਾਇਜ਼ ਅਤੇ ਲੋੜੀਂਦੀ ਪ੍ਰਤੀਕਿਰਿਆ ਦੇਵੇਗਾ। ਬੁਲਾਰੇ ਮੁਤਾਬਕ ਚੀਨ ਵੀ ਅਮਰੀਕਾ ਦੇ ਚੀਨ ਸਥਿਤ ਕੌਂਸਲੇਟ ਨੂੰ ਬੰਦ ਕਰ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।