ਵਿਗਿਆਨੀ ਕੋਰੋਨਾ ਦਾ ਟੀਕਾ ਬਣਾਉਣ ਵਿਚ ਕਾਮਯਾਬ ਹੋ ਜਾਣ, ਇਸ ਦੀ ਕੋਈ ਗਰੰਟੀ ਨਹੀਂ - WHO

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮਹਾਂਮਾਰੀ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ।

Corona virus

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਵਿਗਿਆਨਕ ਕੋਰੋਨਾ ਦਾ ਟੀਕਾ ਤਲਾਸ਼ਣ ਵਿਚ ਕਾਮਯਾਬ ਹੋ ਜਾਣਗੇ, ਇਸ ਦੀ ਕੋਈ ਗਰੰਟੀ ਨਹੀਂ ਹੈ। ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟੀਕਾ ਇਕ ਮਹੱਤਵਪੂਰਨ ਸਾਧਨ ਸਾਬਿਤ ਹੋਵੇਗਾ ਪਰ ਸਿਰਫ਼ ਟੀਕਾ ਮਿਲ ਜਾਣ ਨਾਲ ਵੀ ਕੋਰੋਨਾ ਖਤਮ ਨਹੀਂ ਹੋਵੇਗਾ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਨੇ ਕਿਹਾ ਕਿ ਦੁਨੀਆਂ ਭਰ ਦੇ ਨੇਤਾਵਾਂ ਅਤੇ ਜਨਤਾ ਨੂੰ ਇਹ ਸਿੱਖਣਾ ਹੋਵੇਗਾ ਕਿ ਵਾਇਰਸ ਨੂੰ ਕਿਵੇਂ ਕਾਬੂ ਕੀਤਾ ਜਾਵੇ। ਇਸ ਹਿਸਾਬ ਨਾਲ ਜ਼ਿੰਦਗੀ ਵਿਚ ਕਈ ਸਥਾਈ ਬਦਲਾਅ ਕਰਨੇ ਪੈਣਗੇ ਤਾਂ ਜੋ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।

ਟੈਡਰੋਸ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਹਾਂਮਾਰੀ ਕਾਰਨ ਅਰਥਵਿਵਸਥਾ ਅਤੇ ਸਮਾਜ ਵਿਚ ਬਦਲਾਅ ਹੁੰਦੇ ਰਹਿੰਦੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਅਸੀਂ ਜਿਸ ਸਥਿਤੀ ਵਿਚ ਸੀ, ਉਸ ਸਥਿਤੀ ਵਿਚ ਨਹੀਂ ਜਾ ਸਕਦੇ। ਸੰਗਠਨ ਮੁਤਾਬਕ ਦੁਨੀਆਂ ਭਰ ਵਿਚ ਫਿਲਹਾਲ ਕੋਰੋਨਾ ਵਾਇਰਸ ਦੀ 30 ਵੈਕਸੀਨ ‘ਤੇ ਕੰਮ ਚੱਲ ਰਿਹਾ  ਹੈ ਪਰ ਕੋਈ ਇਕ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵਸ਼ਾਨੀ ਸਾਬਿਤ ਹੋਵੇ, ਇਸ ਦੀ ਗਰੰਟੀ ਨਹੀਂ ਹੈ। ਹਾਲਾਂਕਿ ਚੀਨ, ਰੂਸ, ਅਮਰੀਕਾ ਸਮੇਤ ਕਈ ਦੇਸ਼ਾਂ ਦਾ ਦਾਅਵਾ ਹੈ ਕਿ ਉਹਨਾਂ ਦੀ ਵੈਕਸੀਨ ਦੇ ਸ਼ੁਰੂਆਤੀ ਨਤੀਜੇ ਚੰਗੇ ਆਏ ਹਨ।

ਕੋਰੋਨਾ ਵਾਇਰਸ ‘ਤੇ ਦੁਨੀਆਂ ਭਰ ਵਿਚ ਖੋਜ ਹੋਈ ਹੈ ਪਰ ਦਸੰਬਰ ਵਿਚ ਮਿਲੇ ਇਸ ਵਾਇਰਸ ਨੂੰ ਹੁਣ ਤੱਕ ਵਿਗਿਆਨੀ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਹਨ ਕਿ ਇਹ ਸਰੀਰ ‘ਤੇ ਕਿਵੇਂ ਹਮਲਾ ਕਰਦਾ ਹੈ ਅਤੇ ਕਿਵੇਂ ਲੋਕ ਠੀਕ ਹੋਣ ਤੋਂ ਬਾਅਦ ਦੁਬਾਰਾ ਸੰਕਰਮਿਤ ਨਹੀਂ ਹੋਣਗੇ? ਹਾਲਾਂਕਿ  ਸੰਗਠਨ ਦਾ ਕਹਿਣਾ ਹੈ ਕਿ ਦੁਨੀਆਂ ਦੇ ਨੇਤਾ ਵੈਕਸੀਨ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਕੋਰੋਨਾ ਦੇ ਮਾਮਲਿਆਂ ਨੂੰ ਘੱਟ ਕਰ ਸਕਦੇ ਹਨ ਅਤੇ ਵੱਡੇ ਪੱਧਰ ‘ਤੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਰੋਕ ਸਕਦੇ ਹਨ।