ਚੀਨ ਕੋਰੋਨਾ-ਮੁਕਤ ਹੋਣ ਦੇ ਜਸ਼ਨ ਮਨਾ ਰਹੇ ਹਨ ਤੇ ਬਾਕੀ ਦੀ ਦੁਨੀਆਂ ਉਨ੍ਹਾਂ ਨੂੰ ਵੇਖ ਕੇ ਖਿਝ ਰਹੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਵਿਚ ਤਾਲਾਬੰਦੀ ਫਿਰ ਤੋਂ ਵਧਾ ਦਿਤੀ ਗਈ ਹੈ ਕਿਉਂਕਿ ਕੋਰੋਨਾ ਗ੍ਰਸਤ ਮਾਮਲਿਆਂ ਵਿਚ ਵਾਧੇ ਕਾਰਨ ਸਰਕਾਰ ਚਿੰਤਿਤ ਹੈ

Covid 19

ਪੰਜਾਬ ਵਿਚ ਤਾਲਾਬੰਦੀ ਫਿਰ ਤੋਂ ਵਧਾ ਦਿਤੀ ਗਈ ਹੈ ਕਿਉਂਕਿ ਕੋਰੋਨਾ ਗ੍ਰਸਤ ਮਾਮਲਿਆਂ ਵਿਚ ਵਾਧੇ ਕਾਰਨ ਸਰਕਾਰ ਚਿੰਤਿਤ ਹੈ। ਇਕ ਦਿਨ ਵਿਚ ਕੋਰੋਨਾ ਦੇ 1700 ਤੋਂ ਵੱਧ ਮਰੀਜ਼ ਆਉਣ ਦਾ ਮਤਲਬ ਹੈ ਕਿ ਪਿਛਲੇ ਮਹੀਨਿਆਂ ਦੀ ਸਾਰੀ ਮਿਹਨਤ ਵਿਅਰਥ ਸਾਬਤ ਹੋ ਰਹੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਮਿਹਨਤ ਸਿਰਫ਼ ਸਰਕਾਰ ਦੀ ਹੀ ਨਹੀਂ ਸੀ ਬਲਕਿ ਇਸ ਵਿਚ ਸੂਬੇ ਦੇ ਲੋਕਾਂ ਦਾ ਵੀ ਪੂਰਾ ਯੋਗਦਾਨ ਸੀ ਜਿਸ ਕਾਰਨ ਪੰਜਾਬ ਦੇ ਆਮ ਲੋਕਾਂ ਉਤੇ ਆਰਥਕ, ਸਮਾਜਕ ਅਤੇ ਮਾਨਸਕ ਭਾਰ ਪਿਆ ਹੈ। ਸਿਰਫ਼ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਬਾਕੀ ਸੂਬੇ ਵੀ ਸੰਕਟ ਹੇਠ ਦਬਦੇ ਜਾ ਰਹੇ ਹਨ।

ਕੇਰਲ ਵੀ ਪੰਜਾਬ ਵਾਂਗ ਕੋਰੋਨਾ ਦੀ ਜੰਗ ਵਿਚ ਸੱਭ ਤੋਂ ਅੱਗੇ ਚਲ ਰਿਹਾ ਸੀ ਪਰ ਅੱਜ ਉਹ ਵੀ ਪੰਜਾਬ ਵਾਂਗ ਪਛੜਦਾ ਜਾ ਰਿਹਾ ਹੈ। ਉਥੇ ਵੀ ਕਦੇ ਤਾਲਾਬੰਦੀ ਕੀਤੀ ਜਾ ਰਹੀ ਹੈ ਅਤੇ ਕਦੇ ਸੂਬੇ ਵਿਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਜਿਸ ਉਤੇ ਇਸ ਲੜਾਈ ਵਿਚ ਸਾਰੇ ਸੂਬਿਆਂ ਨੂੰ ਨਾਲ ਲੈ ਕੇ ਦੇਸ਼ ਦੀ ਇਕ ਸਾਂਝੀ ਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਸੀ, ਅਪਣੀ ਕਾਰਗੁਜ਼ਾਰੀ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਕੇਂਦਰ ਨੇ ਇਹ ਮੌਕਾ ਅਪਣੇ ਮਨਸੂਬੇ ਪੂਰੇ ਕਰਨ ਵਿਚ ਗਵਾ ਦਿਤਾ ਹੈ ਜਦਕਿ ਚਾਹੀਦਾ ਇਹ ਸੀ ਕਿ ਕੋਰੋਨਾ ਮਹਾਂਮਾਰੀ ਜੰਗ ਵਿਰੁਧ ਸਾਰਾ ਦੇਸ਼ ਇਕਮੁਠ ਹੋ ਕੇ ਲੜਨ ਦੀ ਸੋਚਦਾ।

ਹੁਣ ਤਕ ਭਾਰਤ ਵਿਚ 28 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਇਹ ਅੰਕੜਾ ਘਟਦਾ ਨਜ਼ਰ ਨਹੀਂ ਆ ਰਿਹਾ। ਤਾਲਾਬੰਦੀਆਂ ਦੀ ਲੋੜ ਸਮਝ ਵਿਚ ਨਹੀਂ ਆ ਰਹੀ। ਭਾਰਤ ਕਮਿਊਨਿਟੀ ਫੈਲਾਅ ਦਾ ਪੜਾਅ ਪਾਰ ਕਰ ਚੁੱਕਾ ਹੈ ਅਤੇ ਹੁਣ 'ਹਰਡ ਇਮਿਊਨਿਟੀ' ਅਰਥਾਤ ਰੋਗ ਨਾਲ ਲੜਨ ਦੀ ਸਮਾਜਕ ਸਮਰੱਥਾ ਵਲ ਮੁੜ ਚੁੱਕਾ ਹੈ। ਪੰਜਾਬ ਵਿਚ ਜਿਹੜੇ ਸੀਰੋ ਟੈਸਟ ਹੋਏ ਹਨ, ਉਹ ਦਸ ਰਹੇ ਹਨ ਕਿ 27.7 ਫ਼ੀ ਸਦੀ ਲੋਕ ਐਂਟੀਬਾਡੀਜ਼ ਦੇ ਪਾਜ਼ੇਟਿਵ ਵੇਖੇ ਗਏ ਹਨ। ਪੂਨੇ ਵਿਚ 30 ਫ਼ੀ ਸਦੀ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਨਾਲ ਲੜਨ ਦੀ ਸਮਰੱਥਾ ਬਣ ਚੁਕੀ ਹੈ। ਪੰਜਾਬ ਅਤੇ ਪੂਨੇ ਵਿਚ ਤਾਲਾਬੰਦੀ ਦੀ ਸਖ਼ਤੀ ਦਾ ਹੀ ਇਹ ਨਤੀਜਾ ਹੈ। ਮਹਾਰਾਸ਼ਟਰ ਦੇ ਮੁਕਾਬਲੇ ਇਥੇ ਹਰਡ ਇਮਿਊਨਿਟੀ ਵੀ ਹੌਲੀ ਚਲ ਰਹੀ ਹੈ।

ਪਰ ਇਸ ਦੇ ਬਿਲਕੁਲ ਉਲਟ ਤਸਵੀਰ ਚੀਨ ਤੋਂ ਆ ਰਹੀ ਹੈ ਜਿਥੇ ਕੋਰੋਨਾ ਵਾਇਰਸ ਦੀ ਜਨਮ ਭੂਮੀ ਵੁਹਾਨ ਵਿਚ ਇਕ ਵੱਡੀ ਪਾਰਟੀ ਰੱਖੀ ਗਈ ਅਤੇ ਸੈਂਕੜੇ ਲੋਕ ਇਕੱਠੇ ਪਾਣੀ ਵਿਚ ਨਚਦੇ ਟਪਦੇ, ਜ਼ਿੰਦਗੀ ਮਾਣਦੇ ਵਿਖਾਈ ਦੇ ਰਹੇ ਸਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਰੀ ਦੁਨੀਆਂ ਵਿਚ ਰੋਸ ਦੀ ਜ਼ਬਰਦਸਤ ਲਹਿਰ ਦੌੜ ਗਈ। ਜਿਨ੍ਹਾਂ ਲੋਕਾਂ ਦੀਆਂ ਖਾਣ ਪੀਣ ਦੀਆਂ ਅਜੀਬੋ ਗ਼ਰੀਬ ਆਦਤਾਂ ਸਨ ਤੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਸਮੇਤ ਕਈ ਦੇਸ਼ਾਂ ਨੂੰ ਤਬਾਹ ਕਰ ਦਿਤਾ, ਉਹ ਅੱਜ ਜਸ਼ਨ ਮਨਾ ਰਹੇ ਹਨ। ਪਰ ਚੀਨ ਉਤੇ ਦੁਨੀਆਂ ਦੇ ਲੋਕਾਂ ਦੇ ਵਿਰੋਧ ਦਾ ਕੋਈ ਅਸਰ ਨਹੀਂ ਹੋਣਾ।

ਉਨ੍ਹਾਂ ਨੇ ਤਾਂ ਉਦੋਂ ਵੀ ਕਿਸੇ ਦੀ ਨਹੀਂ ਸੀ ਸੁਣੀ ਜਦੋਂ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਰਿਹਾ ਸੀ। ਉਨ੍ਹਾਂ ਨੇ ਵੁਹਾਨ ਅਤੇ ਹੁਬਈ ਦੋ ਸ਼ਹਿਰ ਜਿਥੇ ਕੋਰੋਨਾ ਫੈਲ ਰਿਹਾ ਸੀ, ਨੂੰ ਫ਼ੌਜ ਦੇ ਕਬਜ਼ੇ ਹੇਠ ਦੇ ਦਿਤਾ ਸੀ। ਉਨ੍ਹਾਂ ਪਹਿਲਾਂ ਤੋਂ ਬਣੀਆਂ ਐਪਸ ਨਾਲ ਲੋਕਾਂ ਨੂੰ ਨਿਗਰਾਨੀ ਹੇਠ ਰੱਖ ਲਿਆ ਸੀ। 79 ਦਿਨ ਤਕ ਇਨ੍ਹਾਂ ਸ਼ਹਿਰਾਂ ਨੂੰ ਬਾਕੀ ਦੇਸ਼ ਤੋਂ ਬਿਲਕੁਲ ਕੱਟ ਦਿਤਾ ਗਿਆ ਸੀ। ਪਰ ਨਾਲ ਹੀ ਉਨ੍ਹਾਂ ਰਾਤੋ-ਰਾਤ ਵੱਡੇ ਹਸਪਤਾਲਾਂ ਦਾ ਨਿਰਮਾਣ ਵੀ ਕਰ ਲਿਆ। ਚੀਨ ਕੋਲ ਸਖ਼ਤੀ ਨਾਲ ਅਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਵੀ ਯੋਜਨਾ ਸੀ। ਇਸ ਲਈ ਉਥੇ ਸਖ਼ਤ ਤਾਲਾਬੰਦੀ ਕਾਮਯਾਬ ਸਾਬਤ ਹੋਈ ਅਤੇ ਅੱਜ ਉਹ ਸੂਬੇ ਜਸ਼ਨ ਮਨਾ ਰਹੇ ਹਨ। ਪੂਰੇ ਚੀਨ ਵਿਚ 84,888 ਮਰੀਜ਼ ਰੋਗ-ਗ੍ਰਸਤ ਹੋਏ ਅਤੇ 4,634 ਮੌਤਾਂ ਹੋਈਆਂ।

ਪੂਰੀ ਦੁਨੀਆਂ ਚੀਨ ਨੂੰ ਨਿੰਦਣ ਤੇ ਉਸ ਨੂੰ ਨੀਵਾਂ ਵਿਖਾਉਣ ਵਿਚ ਲੱਗੀ ਹੋਈ ਹੈ ਪਰ ਕਿਸੇ ਨੇ ਉਨ੍ਹਾਂ ਤੋਂ ਕੁੱਝ ਸਿੱਖਣ ਦਾ ਯਤਨ ਨਹੀਂ ਕੀਤਾ। ਸਾਨੂੰ ਅਪਣੇ ਦੇਸ਼ ਦੀਆਂ ਗ਼ਲਤੀਆਂ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਸਾਰੇ ਸੂਬੇ ਅਤੇ ਕੇਂਦਰ ਆਪਸ ਵਿਚ ਹਉਮੇ ਦੀ ਜੰਗ ਲੜ ਰਹੇ ਹਨ ਕਿ ਕਿਹੜਾ ਮੁੱਖ ਮੰਤਰੀ, ਕਿਹੜਾ ਸੂਬਾ ਅੱਗੇ ਚੱਲ ਰਿਹਾ ਹੈ? ਪ੍ਰਚਾਰ ਕਰਨ ਦੀ ਕਾਹਲ ਵਿਚ ਕਦੇ ਪ੍ਰਧਾਨ ਮੰਤਰੀ ਥਾਲੀਆਂ ਵਜਵਾ ਰਹੇ ਹਨ ਅਤੇ ਕਦੇ ਮੋਮਬੱਤੀਆਂ ਜਗਵਾ ਰਹੇ ਹਨ। ਪਰ ਜਿੱਤਿਆ ਕੋਈ ਨਹੀਂ ਸਗੋਂ ਹਾਰੇ ਹਨ ਭਾਰਤ ਅਤੇ ਭਾਰਤ ਦੇ ਆਮ ਲੋਕ।

ਲੋੜ ਇਸ ਗੱਲ ਦੀ ਸੀ ਕਿ ਸਾਰੇ ਦੇਸ਼ ਵਿਚ ਇਕ ਤਰ੍ਹਾਂ ਦੀ ਤਾਲਾਬੰਦੀ ਹੁੰਦੀ। ਜੇਕਰ ਸੂਬਿਆਂ ਦੇ ਸਿਰ 'ਤੇ ਅਜਿਹਾ ਕਰਨਾ ਸੀ ਤਾਂ ਸਰਹੱਦਾਂ ਖੋਲ੍ਹਣੀਆਂ ਹੀ ਨਹੀਂ ਸਨ। ਮਜ਼ਦੂਰਾਂ ਦੀ ਆਵਾਜਾਈ ਅੱਜ ਵੀ ਬਿਨਾਂ ਕਿਸੇ ਪੁਛ ਪੜਤਾਲ ਤੋਂ ਚੱਲ ਰਹੀ ਹੈ। ਇਕ ਭ੍ਰਿਸ਼ਟ ਸਿਸਟਮ ਹੈ ਜਿਸ ਸਦਕੇ ਲਾਠੀਆਂ ਖਾਣ ਦੇ ਬਾਵਜੂਦ ਅੱਜ ਕੋਈ ਰਾਹਤ ਨਹੀਂ ਮਿਲ ਰਹੀ। ਲਾਠੀਆਂ ਮਰਵਾਉਣ ਵਾਲੇ ਮੰਤਰੀ ਆਪ ਤਾਂ ਮਾਸਕ ਤਕ ਵੀ ਨਹੀਂ ਪਾ ਸਕਦੇ ਪਰ ਜਨਤਾ ਨੂੰ ਜੁਰਮਾਨਾ ਲਗਾ ਦਿਤਾ ਜਾਂਦਾ ਹੈ। ਸਰਕਾਰਾਂ ਇਕ ਵਾਰ ਫਿਰ ਫ਼ੇਲ੍ਹ ਸਾਬਤ ਹੋ ਰਹੀਆਂ ਹਨ।      - ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।