ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦਿਤੇ : ਟਰੰਪ
ਭਾਰਤ ’ਤੇ ਅਮਰੀਕਾ ਦਾ ਫਾਇਦਾ ਚੁਕਣ ਦਾ ਦੋਸ਼ ਲਾਇਆ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਨੇ ਚੋਣਾਂ ’ਚ ਭਾਰਤ ਦੀ ਮਦਦ ਲਈ 1.8 ਕਰੋੜ ਡਾਲਰ ਅਲਾਟ ਕੀਤੇ ਸਨ, ਜਦਕਿ ਉਸ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਟਰੰਪ ਨੇ ਸਨਿਚਰਵਾਰ ਨੂੰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) ਵਿਚ ਅਪਣੇ ਭਾਸ਼ਣ ਦੌਰਾਨ ਇਹ ਟਿਪਣੀ ਕੀਤੀ।
ਉਹ ਪਹਿਲਾਂ ਵੀ ਕਈ ਵਾਰ ਦਾਅਵਾ ਕਰ ਚੁਕੇ ਹਨ ਕਿ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦਿਤੇ ਗਏ ਸਨ ਅਤੇ ਇਸ ਲਈ ਉਨ੍ਹਾਂ ਨੇ ਅਮਰੀਕਾ ਸਥਿਤ ਯੂ.ਐਸ.ਏਡ ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਦੇ ਦਾਅਵੇ ਤੋਂ ਬਾਅਦ ਭਾਰਤ ’ਚ ਵਿਵਾਦ ਖੜਾ ਹੋ ਗਿਆ ਹੈ।
ਅਪਣੇ ਭਾਸ਼ਣ ’ਚ ਟਰੰਪ ਨੇ ਭਾਰਤ ’ਤੇ ਅਮਰੀਕਾ ਦਾ ਫਾਇਦਾ ਚੁੱਕਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਚੋਣਾਂ ’ਚ ਮਦਦ ਲਈ ਭਾਰਤ ਨੂੰ 1.8 ਕਰੋੜ ਡਾਲਰ ਦਿਤੇ ਗਏ ਸਨ। ਕਿਉਂ?’’
ਟਰੰਪ ਨੇ ਕਿਾਹ, ‘‘ਅਸੀਂ ਚੋਣਾਂ ਲਈ ਭਾਰਤ ਨੂੰ ਭੁਗਤਾਨ ਕਰ ਰਹੇ ਹਾਂ। ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ। ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆਂ ਦੇ ਸੱਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ’ਚੋਂ ਇਕ ਹਨ ... ਉਹ 200 ਫ਼ੀ ਸਦੀ (ਟੈਕਸ) ਲੈਂਦੇ ਹਨ ਅਤੇ ਫਿਰ ਅਸੀਂ ਉਨ੍ਹਾਂ ਨੂੰ ਚੋਣਾਂ ’ਚ ਮਦਦ ਕਰਨ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।’’
ਟਰੰਪ ਨੇ ਬੰਗਲਾਦੇਸ਼ ਨੂੰ 29 ਮਿਲੀਅਨ ਡਾਲਰ ਦੇਣ ਲਈ ਵੀ ਯੂ.ਐਸ.ਏਡ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ 2.9 ਕਰੋੜ ਡਾਲਰ ਦੀ ਵਰਤੋਂ ਸਿਆਸੀ ਦ੍ਰਿਸ਼ ਨੂੰ ਮਜ਼ਬੂਤ ਕਰਨ ਅਤੇ ਬੰਗਲਾਦੇਸ਼ ’ਚ ਕੱਟੜਪੰਥੀ ਖੱਬੇਪੱਖੀ ਕਮਿਊਨਿਸਟਾਂ ਨੂੰ ਵੋਟ ਦੇਣ ’ਚ ਮਦਦ ਕਰਨ ਲਈ ਕੀਤੀ ਜਾਵੇਗੀ। (ਪੀਟੀਆਈ)
ਟਰੰਪ ਵਲੋਂ ਵਾਰ-ਵਾਰ ਭਾਰਤ ਦਾ ਅਪਮਾਨ ਕੀਤੇ ਜਾਣ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ? : ਕਾਂਗਰਸ
ਨਵੀਂ ਦਿੱਲੀ : ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏਡ) ਦੀਆਂ ਗ੍ਰਾਂਟਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਅਮਰੀਕਾ ਤੋਂ ਝੂਠੀਆਂ ਖ਼ਬਰਾਂ ਫੈਲਾ ਕੇ ਦੇਸ਼ ਵਿਰੋਧੀ ਕੰਮ ਕਰਨ ਦਾ ਦੋਸ਼ ਲਗਾਇਆ।
ਵਿਰੋਧੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲਨ ਮਸਕ ਵਾਰ-ਵਾਰ ਭਾਰਤ ਦਾ ਅਪਮਾਨ ਕਰ ਰਹੇ ਹਨ ਤਾਂ ਸਰਕਾਰ ਚੁੱਪ ਕਿਉਂ ਹੈ।
ਹਾਲਾਂਕਿ, ਭਾਜਪਾ ਨੇ ਕਾਂਗਰਸ ਵਲੋਂ ਲਗਾਏ ਗਏ ਅਜਿਹੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਗਾਂਧੀ ਨੂੰ ‘ਗੱਦਾਰ’ ਕਿਹਾ ਹੈ ਅਤੇ ਉਨ੍ਹਾਂ ’ਤੇ ਭਾਰਤ ਨੂੰ ਕਮਜ਼ੋਰ ਕਰਨ ਲਈ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਜਪਾ ਝੂਠੇ ਅਤੇ ਅਨਪੜ੍ਹਾਂ ਦੀ ਬਰਾਤ ਹੈ। ਜਿਸ 2.1 ਕਰੋੜ ਡਾਲਰ ’ਤੇ ਖ਼ਬਰ ’ਤੇ ਭਾਜਪਾਈ ਉਛਲ ਰਹੇ ਸਨ, ਝੂਠੀ ਸਾਬਤ ਹੋਈ। ਸਾਲ 2022 ’ਚ 2.1 ਕਰੋੜ ਅਮਰੀਕੀ ਡਾਲਰ ਭਾਰਤ ’ਚ ਵੋਟਿੰਗ ਫੀ ਸਦੀ ਵਧਾਉਣ ਲਈ ਨਹੀਂ, ਸਗੋਂ ਬੰਗਲਾਦੇਸ਼ ਲਈ ਸਨ।’’
ਰਮੇਸ਼ ਨੇ ਦੋਸ਼ ਲਾਇਆ, ‘‘ਐਲਨ ਮਸਕ ਨੇ ਝੂਠਾ ਦਾਅਵਾ ਕੀਤਾ, ਟਰੰਪ ਨੂੰ ਢਾਕਾ ਅਤੇ ਦਿੱਲੀ ਵਿਚਾਲੇ ਗਲਤਫਹਿਮੀ ਸੀ, ਅਮਿਤ ਮਾਲਵੀਆ ਨੇ ਝੂਠ ਫੈਲਾਇਆ, ਫਿਰ ਭਾਜਪਾ ਦੇ ਚਰਣਚੁੰਬਕਾਂ ਨੇ ਇਸ ਨੂੰ ਫੜ ਲਿਆ।’’
ਉਨ੍ਹਾਂ ਕਿਹਾ, ‘‘ਜਦੋਂ ਤੋਂ ਟਰੰਪ ਪ੍ਰਸ਼ਾਸਨ ਦੇ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਨੇ 16 ਫ਼ਰਵਰੀ ਨੂੰ ਕਿਹਾ ਸੀ ਕਿ ਯੂ.ਐਸ.ਏ.ਆਈ.ਡੀ. ਨੇ ਭਾਰਤ ਵਿਚ ਵੋਟਿੰਗ ਲਈ ਉਸ ਦੀ 2.1 ਕਰੋੜ ਡਾਲਰ ਦੀ ਗ੍ਰਾਂਟ ਰੱਦ ਕਰ ਦਿਤੀ ਹੈ, ਉਦੋਂ ਤੋਂ ਭਾਜਪਾ ਕਾਂਗਰਸ ’ਤੇ ਮਨਘੜਤ ਦੋਸ਼ ਲਗਾ ਰਹੀ ਹੈ। ਪਰ ਹੁਣ ਪਤਾ ਲੱਗਿਆ ਹੈ ਕਿ ਇਹ ਪੂਰੀ ਖ਼ਬਰ ਫਰਜ਼ੀ ਹੈ। ਜਦੋਂ ਪੈਸਾ ਭਾਰਤ ਨਹੀਂ ਆਇਆ ਤਾਂ ਇਸ ਨੂੰ ਕਿਵੇਂ ਰੱਦ ਕੀਤਾ ਜਾਵੇਗਾ?’’
ਕਾਂਗਰਸ ਨੇਤਾ ਨੇ ਕਿਹਾ ਕਿ ਸਾਰਾ ਵਿਵਾਦ ਅਸਲ ’ਚ ਡੀ.ਓ.ਜੀ.ਈ. ਸੂਚੀ ’ਚ ਯੂ.ਐਸ.ਏਡ ਦੀਆਂ ਦੋ ਗ੍ਰਾਂਟਾਂ ਬਾਰੇ ਸੀ, ਜੋ ਵਾਸ਼ਿੰਗਟਨ ਅਧਾਰਤ ਚੋਣ ਅਤੇ ਸਿਆਸੀ ਪ੍ਰਕਿਰਿਆ ਮਜ਼ਬੂਤਕਰਨ ਸਮੂਹ (ਸੀ.ਈ.ਪੀ.ਪੀ.ਐਸ.) ਰਾਹੀਂ ਦਿਤੀਆਂ ਗਈਆਂ ਸਨ।
ਉਨ੍ਹਾਂ ਕਿਹਾ, ‘‘ਹੁਣ ਭਾਜਪਾ ਨੂੰ ਸਿਰਫ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਭਾਜਪਾ ਨੇ ਭਾਰਤ ਦੇ ਲੋਕਤੰਤਰ ਬਾਰੇ ਝੂਠੀਆਂ ਖ਼ਬਰਾਂ ਕਿਉਂ ਫੈਲਾਈਆਂ? ਭਾਜਪਾ ਨੇ ਅਮਰੀਕਾ ਤੋਂ ਝੂਠੀਆਂ ਖ਼ਬਰਾਂ ਫੈਲਾ ਕੇ ਦੇਸ਼ ਵਿਰੋਧੀ ਕੰਮ ਕਿਉਂ ਕੀਤੇ? ਭਾਜਪਾ ਲਈ ਭਾਰਤ ਦੀ ਵਿਰੋਧੀ ਪਾਰਟੀ ’ਤੇ ਅਮਰੀਕਾ ਤੋਂ ਝੂਠੀਆਂ ਖ਼ਬਰਾਂ ਦਾ ਦੋਸ਼ ਲਗਾਉਣਾ ਦੇਸ਼ਧ੍ਰੋਹ ਨਹੀਂ ਹੈ, ਫਿਰ ਹੋਰ ਕੀ ਹੈ?’’ ਕਾਂਗਰਸ ਨੇ ਵਿਕਾਸ ਏਜੰਸੀਆਂ, ਸਹਾਇਤਾ ਏਜੰਸੀਆਂ ਅਤੇ ਬਹੁਪੱਖੀ ਮੰਚਾਂ ਵਲੋਂ ਭਾਰਤ ਨੂੰ ਫੰਡਿੰਗ ਬਾਰੇ ਇਕ ਵ੍ਹਾਈਟ ਪੇਪਰ ਦੀ ਮੰਗ ਕੀਤੀ।