ਟਰੰਪ ਨੇ ਵੱਡੇ ਪੱਧਰ ’ਤੇ ਲੋਕਾਂ ਨੂੰ ਅਮਰੀਕਾ ’ਚੋਂ ਕੱਢਣ ਦਾ ਬਚਾਅ ਕੀਤਾ, ਕਿਹਾ, ‘ਮੈਂ ਤਾਂ ਭ੍ਰਿਸ਼ਟਾਚਾਰ ਖਤਮ ਕਰ ਰਿਹਾ ਹਾਂ’
ਅਣਅਧਿਕਾਰਤ ਪ੍ਰਵਾਸੀ ਕੁਲ ਅਮਰੀਕੀ ਆਬਾਦੀ ਦਾ 3.3 ਫ਼ੀ ਸਦੀ ਅਤੇ ਵਿਦੇਸ਼ਾਂ ’ਚ ਪੈਦਾ ਹੋਈ ਆਬਾਦੀ ਦਾ 23 ਫ਼ੀ ਸਦੀ ਹਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਅਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਲਈ ਧੋਖੇਬਾਜ਼ਾਂ, ਠੱਗਾਂ ਅਤੇ ‘ਡੀਪ ਸਟੇਟ’ ਨੌਕਰਸ਼ਾਹਾਂ (ਬਾਹਰੀ ਤਾਕਤਾਂ ਜੋ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ) ਨੂੰ ਘਰ ਭੇਜ ਰਿਹਾ ਹੈ।
ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ’ਤੇ ਵਾਪਸ ਭੇਜਣ ਨੂੰ ਅਪਣੀ ਮੁੱਖ ਨੀਤੀ ਬਣਾਇਆ ਹੈ। ਸਨਿਚਰਵਾਰ ਨੂੰ ਵਾਸ਼ਿੰਗਟਨ ਦੇ ਬਾਹਰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਧੋਖੇਬਾਜ਼ਾਂ, ਝੂਠੇ, ਬੇਈਮਾਨਾਂ, ਵਿਸ਼ਵੀਕਰਨ ਦੇ ਹਮਾਇਤੀਆਂ ਅਤੇ ‘ਡੀਪ ਸਟੇਟ’ ਨੌਕਰਸ਼ਾਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਗੈਰ-ਕਾਨੂੰਨੀ ਵਿਦੇਸ਼ੀ ਅਪਰਾਧੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੇ ਹਾਂ ਅਤੇ ਲੋਕਾਂ ਦਾ ਸ਼ਾਸਨ ਬਹਾਲ ਕਰ ਰਹੇ ਹਾਂ।’’ ਪਿਊ ਰੀਸਰਚ ਸੈਂਟਰ ਅਨੁਸਾਰ, 2022 ਤਕ , ਅਣਅਧਿਕਾਰਤ ਪ੍ਰਵਾਸੀ ਕੁਲ ਅਮਰੀਕੀ ਆਬਾਦੀ ਦਾ 3.3 ਫ਼ੀ ਸਦੀ ਅਤੇ ਵਿਦੇਸ਼ਾਂ ’ਚ ਪੈਦਾ ਹੋਈ ਆਬਾਦੀ ਦਾ 23 ਫ਼ੀ ਸਦੀ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਕੁੱਝ ਹਿੱਸਿਆਂ ’ਚ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਅਤੇ ਗ੍ਰਿਫਤਾਰੀਆਂ ਦਾ ਵਾਅਦਾ ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ ਕਿ 3 ਫ਼ਰਵਰੀ ਤਕ ਉਸ ਦੇ ਏਜੰਟਾਂ ਨੇ 8,768 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।