ਲੋਕ ਸਭਾ ਚੋਣਾਂ 2019 'ਚ ਇਕਤਰਫ਼ਾ ਜਿੱਤ ਮਗਰੋਂ ਮੋਦੀ ਨੂੰ ਵਿਦੇਸ਼ੀ ਨੇਤਾਵਾਂ ਨੇ ਦਿਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਟਵੀਟ ਕਰ ਕੇ ਮੋਦੀ ਨੂੰ ਵਧਾਈ ਦਿੱਤੀ

World leaders congratulate Modi on landslide victory

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਇਜ਼ਰਾਈਲ, ਸ੍ਰੀਲੰਕਾ ਅਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿਤੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਮੋਦੀ ਨੂੰ ਵਧਾਈ ਦੇਣ ਵਾਲੇ ਪਹਿਲੇ ਰਾਸ਼ਟਰ ਪ੍ਰਮੁੱਖ ਸਨ।  ਉਨ੍ਹਾਂ ਟਵੀਟ ਵਿਚ ਕਿਹਾ, ''ਮੇਰੇ ਦੋਸਤ ਨਰਿੰਦਰ ਮੋਦੀ ਤੁਹਾਨੂੰ ਇਸ ਸ਼ਾਨਦਾਰ ਜਿੱਤ 'ਤੇ ਤਹਿ ਦਿਲੋਂ ਵਧਾਈ। ਇਹ ਚੋਣ ਨਤੀਜੇ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਤੁਹਾਡੀ ਅਗਵਾਈ ਨੂੰ ਸਾਬਤ ਕਰਦੇ ਹਨ।'' ਉਨ੍ਹਾਂ ਕਿਹਾ, ''ਅਸੀਂ ਇਕੱਠੇ ਮਿਲ ਕੇ ਭਾਰਤ ਅਤੇ ਇਜ਼ਰਾਈਲ ਵਿਚਕਾਰ ਦੋਸਤੀ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬਹੁਤ ਵਧੀਆ, ਮੇਰੇ ਦੋਸਤ।'' ਨੇਤਨਯਾਹੂ ਨੇ ਹਿਬਰੂ ਦੇ ਨਾਲ -ਨਾਲ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਟਵੀਟ ਕੀਤਾ।

ਨੇਪਾਲ ਦੇ ਪ੍ਰਧਾਨ ਮਤੰਤਰੀ ਪੀ ਸ਼ਰਮਾ ਓਲੀ ਨੇ ਅਪਣੇ ਟਵੀਟ ਵਿਚ ਕਿਹਾ, ''ਮੈਂ ਨਰਿੰਦਰ ਮੋਦੀ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦਾ ਹਾਂ।'' ਉਨ੍ਹਾਂ ਕਿਹਾ, ''ਮੈਂ ਸਾਰਿਆਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਮੈਨੂੰ ਤੁਹਾਡੇ (ਪ੍ਰਧਾਨ ਮੰਤਰੀ) ਨਾਲ ਦੋਸਤਾਨਾ ਸਬੰਧ ਬਣਾ ਕੇ ਕੰਮ ਕਰਨ ਦੀ ਉਮੀਦ ਹੈ। ''

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤੀਪਾਲ ਸਿਰਿਸੇਨਾ ਨੇ ਵੀ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿਤੀ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਕਿਹਾ, ''ਨਰਿੰਦਰ ਮੋਦੀ ਨੂੰ ਸ਼ਾਨਦਾਰ ਜਿੱਤ 'ਤੇ ਬਹੁਤ ਬਹੁਤ ਵਧਾਈ।''

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੋਦੀ ਨੂੰ ਵਧਾਈ ਦਿਤੀ। ਪੁਤਿਨ ਨੇ ਅਪਣੇ ਵਧਾਈ ਸੰਦੇਸ਼ ਵਿਚ ਕਿਹਾ , ''ਮੈਂ ਉਮੀਦ ਕਰਦਾ ਹਾਂ ਕਿ ਤੁਸੀ ਸਦੀਆਂ ਪੁਰਾਣੀ ਦੋਸਤੀ ਨੂੰ ਮਜ਼ਬੂਤ ਕਰੋਗੇ ਅਤੇ ਵਿਕਾਸ ਖ਼ਾਸ ਕਰ ਕੇ ਰਣਨੀਤੀ ਸਾਂਝੇਦਾਰੀ ਵਿਚ ਵਾਧਾ ਹੋਵੇਗਾ।''

ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਵੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦਿਆਂ ਦੋ-ਪੱਖੀ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲੈ ਕੇ ਜਾਣ ਦਾ ਦ੍ਰਿੜ ਇਰਾਦਾ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਚੀਨੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।'

ਇਸ ਤੋਂ ਇਲਾਵਾ ਭੂਟਾਨ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਵੀ ਟਵੀਟ ਕਰ ਕੇ ਮੋਦੀ ਸਰਕਾਰ ਨੂੰ ਵਧਾਈ ਦਿੱਤੀ।