ਟਰੰਪ ਦੀ ਵੱਡੀ ਭੈਣ ਦਾ ਦੋਸ਼ : 'ਮੇਰੇ ਭਰਾ ਦਾ ਕੋਈ ਸਿਧਾਂਤ ਨਹੀਂ, ਹਮੇਸ਼ਾ ਝੂਠ ਬੋਲਿਆ'

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਦੇ ਮਹਰੂਮ ਭਰਾ ਦੀ ਸ਼ਰਧਾਂਜਲੀ ਸਭਾ ਦੇ ਇਕ ਦਿਨ ਬਾਅਦ ਸਾਹਮਣੇ ਆਈ ਰਿਕਾਰਡਿੰਗ

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਅਸਲ 'ਚ ਟਰੰਪ ਦੀ ਭੈਣ ਮੈਰੀਨ ਨੂੰ ਇਕ ਗੁਪਤ ਢੰਗ ਨਾਲ ਰੀਕਾਰਡ ਕੀਤੇ ਗਏ ਆਡੀਉ 'ਚ ਅਪਣੇ ਭਰਾ ਦੀ ਤਿੱਖੀ ਆਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇਕ ਰਿਕਾਡਿੰਗ ਵਿਚ ਉਨ੍ਹਾਂ ਨੇ ਇਥੇ ਤਕ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਕੋਈ ਸਿਧਾਂਤ ਨਹੀਂ ਹੈ। ਤੁਸੀਂ ਟਰੰਪ 'ਤੇ ਭਰੋਸਾ ਨਹੀਂ ਕਰ ਸਕਦੇ ਅਤੇ ਉਹਨਾਂ ਨੇ ਅਪਣੇ ਪੂਰੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਝੂਠ ਬੋਲਿਆ ਹੈ।

ਮੈਰੀਨ ਟਰੰਪ ਬੈਰੀ ਦੀਆਂ ਇਨ੍ਹਾਂ ਗੱਲਾਂ ਨੂੰ ਉਹਨਾਂ ਦੀ ਜਾਣਕਾਰੀ ਦੇ ਬਿਨਾਂ ਉਹਨਾਂ ਦੀ ਭਤੀਜੀ ਮੈਰੀ ਟਰੰਪ ਨੇ ਰੀਕਾਰਡ ਕਰ ਲਿਆ ਸੀ। ਮੈਰੀ ਟਰੰਪ ਦੀ ਹਾਲ ਹੀ ਵਿਚ ''ਟੂ ਮੰਚ ਐਂਡ ਨੇਵਰ ਏਨਫ : ਹਾਉ ਮਾਈ ਫ਼ੈਮਲੀ ਕ੍ਰਿਏਟਿਡ ਦਿ ਵਰਲਡ ਮੋਸਟ ਡੈਂਜਰਸ ਮੈਨ''” ਨਾਂ ਦੀ ਕਿਤਾਬ ਆਈ ਸੀ। ਮੈਰੀ ਟਰੰਪ ਨੇ ਸਲਿਚਰਵਾਰ ਨੂੰ ਕਿਹਾ ਕਿ ਉਹਨਾਂ ਨੇ ਇਹ ਰਿਕਾਡਿੰਗ 2018 ਅਤੇ 2019 ਵਿਚ ਕੀਤੀ ਸੀ।

ਇਕ ਰਿਕਾਡਿੰਗ 'ਚ 83 ਸਾਲਾ ਮੈਰੀਨ ਟਰੰਪ ਬੈਰੀ ਕਹਿੰਦੀ ਹੈ ਕਿ ਉਹਨਾਂ ਨੇ 2018 ਵਿਚ ਅਪਣੇ ਭਰਾ ਦਾ ਫੌਕਸ ਨਿਊਜ਼ ਨੂੰ ਦਿਤਾ ਗਿਆ ਇੰਟਰਵਿਊ ਸੁਣਿਆ, ਜਿਸ ਵਿਚ ਟਰੰਪ ਨੇ ਸੁਝਾਅ ਦਿਤਾ ਸੀ ਕਿ ਉਹ ਉਹਨਾਂ (ਬੈਰੀ ਨੂੰ) ਮਾਤਾ-ਪਿਤਾ ਤੋਂ ਵਿਛੜ ਚੁੱਕੇ ਗ਼ੈਰ ਪ੍ਰਵਾਸੀ ਬੱਚਿਆਂ ਦੇ ਮਾਮਲੇ ਦੀ ਸੁਣਵਾਈ ਕਰਨ ਲਈ ਸਰੱਹਦ ਨੇੜੇ ਤਾਇਨਾਤ ਕਰਨਗੇ।'' ਬੈਰੀ ਨੇ ਕਿਹਾ,''ਜੇਕਰ ਤੁਸੀਂ ਇਕ ਧਾਰਮਕ ਵਿਅਕਤੀ ਹੁੰਦੇ ਅਤੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਤਾਂ ਤੁਸੀਂ ਇਹ ਨਹੀਂ ਕਰਦੇ।''

ਇਕ ਰਿਕਾਡਿੰਗ ਵਿਚ ਉਹਨਾਂ ਕਿਹਾ, ''ਉਸ ਦੇ ਅਜੀਬ ਟਵੀਟ ਤੇ ਝੂਠ, ਹੇ ਭਗਵਾਨ।” ਉਹਨਾਂ ਕਿਹਾ, ''ਮੈਂ ਬਿਨਾਂ ਕਿਸੇ ਦਬਾਅ ਦੇ ਬੋਲ ਰਹੀ ਹਾਂ ਪਰ ਉਸ ਦੀਆਂ ਬਣਾਈਆਂ ਹੋਈਆਂ ਕਹਾਣੀਆਂ, ਬਿਨਾਂ ਤਿਆਰੀ ਦੇ ਕੁਝ ਵੀ ਬੋਲਣਾ, ਝੂਠ ਹੈ।'' ਮੈਰੀ ਨੇ ਧੋਖੇਬਾਜ਼ੀ ਲਈ ਟਰੰਪ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਪ੍ਰਵਾਸੀਆਂ ਸਬੰਧੀ ਉਨ੍ਹਾਂ ਦੀਆਂ ਨੀਤੀਆਂ ਬੇਰਹਿਮੀ ਭਰਪੂਰ ਹਨ। ਇਸ ਨਾਲ ਹਜ਼ਾਰਾਂ ਬੱਚੇ ਪ੍ਰਵਾਰ ਤੋਂ ਵਿਛੜ ਗਏ ਅਤੇ ਉਹਨਾਂ ਨੂੰ ਹਿਰਾਸਤ ਕੇਂਦਰ ਵਿਚ ਰਖਿਆ ਗਿਆ ਹੈ। ਉਹਨਾਂ ਨੇ ਕਿਹਾ,''ਟਰੰਪ ਬੇਰਹਿਮ ਹਨ।'' ਟਰੰਪ ਦੀ ਭੈਣ ਦੀ ਇਸ ਗੁਪਤ ਆਡੀਉ ਨੂੰ ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਜਾਰੀ ਕੀਤਾ ਹੈ। ਟਰੰਪ ਦੀ ਵੱਡੀ ਭੈਣ ਨੇ ਅਪਣੇ ਭਰਾ ਦੀ ਸਮਝਦਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ।

ਬੈਰੀ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਲਗਦਾ ਹੈ ਕਿ ਉਹਨਾਂ ਦੇ ਭਰਾ ਨੇ ਗ਼ੈਰ ਪ੍ਰਵਾਸੀ ਮਾਮਲਿਆਂ 'ਤੇ ਕਦੇ ਉਹਨਾਂ ਦੇ ਵਿਚਾਰ ਜਾਨਣ ਜਾਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਰੀ ਟਰੰਪ ਨੇ ਅਪਣੀ ਭੂਆ ਨੂੰ ਪੁੱਛਿਆ, ''ਉਹਨਾਂ ਨੇ ਕੀ ਪੜ੍ਹਿਆ ਹੈ?” ਬੈਰੀ ਨੇ ਜਵਾਬ ਦਿਤਾ, ''ਨਹੀਂ, ਉਹ ਨਹੀਂ ਪੜ੍ਹਦੇ ਹਨ।'' ਇਹ ਰਿਕਾਡਿੰਗ ਟਰੰਪ ਦੇ ਮਹਰੂਮ ਭਰਾ ਰੌਬਰਟ ਟਰੰਪ ਦੀ ਸ਼ਰਧਾਂਜਲੀ ਸਭਾ ਦੇ ਇਕ ਦਿਨ ਬਾਅਦ ਸਾਹਮਣੇ ਆਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।