ਚੀਨੀ ਨਿਵੇਸ਼ਕਾਂ ਨੂੰ ਡਰਾਉਣ ਲਈ ਹੋਇਆ ਕਰਾਚੀ ਅਟੈਕ : ਇਮਰਾਨ ਖਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਮਰਾਨ ਖਾਨ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਵੱਲੋਂ ਦੇਸ਼ ਨੂੰ ਅਸ਼ਾਂਤ ਕਰਨ ਦੀ ਸਾਜਸ਼ ਦਾ ਹਿੱਸਾ ਸੀ ਜੋ ਪਾਕਿਸਤਾਨ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ।

Pakistan's Prime Minister Imran Khan

ਕਰਾਚੀ,  ( ਭਾਸ਼ਾ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕਰਾਚੀ ਵਿਖੇ ਚੀਨ ਦੇ ਵਪਾਰਕ ਦੂਤਘਰ ਤੇ ਹੋਇਆ ਅਤਿਵਾਦੀ ਹਮਲਾ ਚੀਨੀ ਨਿਵੇਸ਼ਕਾਂ ਨੂੰ ਡਰਾਉਣ ਅਤੇ ਸੀਪੀਈਸੀ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਸੀ, ਪਰ ਇਹ ਅਤਿਵਾਦੀ ਸਫਲ ਨਹੀਂ ਹੋਣਗੇ। ਉਨ੍ਹਾਂ ਟਵੀਟ ਕੀਤੀ ਕਿ ਚੀਨੀ ਵਪਾਰਕ ਦੂਤਘਰ 'ਤੇ ਹੋਇਆ ਹਮਲਾ ਸਾਫ ਤੌਰ ਤੇ ਮੇਰੇ ਚੀਨ ਦੇ ਦੌਰੇ ਦੇ ਸਮੇਂ ਹੋਏ ਸ਼ਾਨਦਾਰ ਕਾਰੋਬਾਰੀ ਸਮਝੌਤਿਆਂ ਦੀ ਪ੍ਰਤੀਕਿਰਿਆ ਦੇ ਤੌਰ 'ਤੇ ਹੋਇਆ। ਖਾਨ ਨੇ ਇਸ ਨੂੰ ਪਾਕਿਸਤਾਨ ਅਤੇ ਚੀਨ ਦੇ ਆਰਥਿਕ ਅਤੇ ਰਣਨੀਤਕ ਸਹਿਯੋਗ ਵਿਰੁਧ ਸਾਜਸ਼ ਕਰਾਰ ਦਿਤਾ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਕਿ-ਚੀਨ ਸਬੰਧਾਂ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਦੱਸ ਦਈਏ ਕਿ ਪਾਕਿਸਤਾਨ ਦੇ ਅਸਾਂਤ ਖੈਬਰ ਪਖਤੁਨਖਵਾਹ ਰਾਜ ਵਿਖੇ ਇਕ ਭੀੜਭਾੜ ਵਾਲੇ ਇਲਾਕੇ ਵਿਚ ਮਦਰਸੇ ਦੇ ਨੇੜੇ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜਖ਼ਮੀ ਹੋ ਗਏ। ਇਮਰਾਨ ਖਾਨ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਵੱਲੋਂ ਦੇਸ਼ ਨੂੰ ਅਸ਼ਾਂਤ ਕਰਨ ਦੀ ਸਾਜਸ਼ ਦਾ ਹਿੱਸਾ ਸੀ ਜੋ ਪਾਕਿਸਤਾਨ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ। ਦੱਸ ਦਈਏ ਕਿ ਕਰਾਚੀ ਵਿਖੇ ਚੀਨ ਦੇ ਵਪਾਰਕ ਦੂਤਘਰ ਨੇੜੇ ਹੋਏ ਅਤਿਵਾਦੀ ਹਮਲੇ ਵਿਚ ਦੋ ਪੁਲਿਸ ਕਰਮਚਾਰੀਆਂ ਸਮਤੇ 7 ਲੋਕ ਮਾਰੇ ਗਏ।

ਇਸ ਸਾਲ ਚੀਨੀ ਅਧਿਕਾਰੀਆਂ ਨੂੰ ਨਿਸ਼ਾਨ ਬਣਾ ਕੇ ਕੀਤਾ ਗਿਆ ਇਹ ਦੂਜਾ ਵੱਡਾ ਹਮਲਾ ਹੈ। ਚੀਨੀ ਅਧਿਕਾਰੀਆਂ ਵਿਰੁਧ ਵੱਧ ਰਹੀ ਹਿੰਸਾ ਪੀਚਿੰਗ ਦੇ ਲਈ ਖਤਰੇ ਦੀ ਗੱਲ ਹੈ ਕਿਉਂਕਿ ਉਹ ਪਾਕਿਸਤਾਨ ਵਿਚ 60 ਅਰਬ ਡਾਲਰ ਤੋਂ ਵੱਧ ਦੀਆਂ ਪਰਿਯੋਜਨਾਵਾਂ ਵਿਚ ਨਿਵੇਸ਼ ਕਰ ਰਿਹਾ ਹੈ। ਕਰਾਚੀ ਦੱਖਣੀ ਖੇਤਰ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਜਾਵੇਦ ਆਲਮ ਨੇ ਦੱਸਿਆ ਕਿ ਅਣਪਛਾਤੇ ਅਤਿਵਾਦੀਆਂ ਦੇ ਇਕ ਸਮੂਹ ਨੇ ਚੀਨੀ ਵਪਾਰਕ ਦੂਤਘਰ ਨੇੜੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ।

ਹਮਲਾ ਕਰਾਚੀ ਦੇ ਕਲਿਫਟਨ ਖੇਤਰ ਵਿਖੇ ਹੋਇਆ ਜਿਥੇ ਕਈ ਵਿਦੇਸ਼ੀ ਮਿਸ਼ਨ ਹਨ। ਅਤਿਵਾਦੀਆਂ ਨੇ ਇਥੇ ਪੁਹੰਚ ਕੇ ਤੈਨਾਤ ਕੀਤੇ ਗਏ ਪੁਲਿਸ ਕਰਮਚਾਰੀਆਂ ਤੇ ਗੋਲੀਆਂ ਚਲਾਈਆਂ ਅਤੇ ਗ੍ਰੇਨੇਡ ਦਾਗਣੇ ਸ਼ੁਰੂ ਕਰ ਦਿਤੇ। ਕਰਾਚੀ ਦੇ ਪੁਲਿਸ ਮੁਖੀ ਅਮੀਰ ਸ਼ੇਖ ਨੇ ਕਿਹਾ ਕਿ ਸੁਰੱਖਿਆ ਬਲਾਂ ਨਾਲ ਹੋਈ ਮਠਭੇੜ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ ਹਨ। ਮਾਰੇ  ਗਏ ਅਤਿਵਾਦੀਆਂ ਕੋਲੋਂ ਆਤਮਘਾਤੀ ਵਿਸਫੋਟ ਵਾਲੀ ਜੈਕੇਟ ਵੀ ਬਰਾਮਦ ਕੀਤੀ ਗਈ ਹੈ।