ਕੈਨੇਡਾ-ਭਾਰਤ ਹਵਾਬਾਜ਼ੀ ਸਮਝੌਤੇ 'ਚੋਂ ਪੰਜਾਬ ਨੂੰ ਬਾਹਰ ਕਰਨਾ ਅਸਵੀਕਾਰਨਯੋਗ: ਸਿੱਖ ਵਿਸ਼ਵ ਸੰਸਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਜ਼ਰੂਰੀ ਮੰਗ ਹੈ।

World sikh organization of Canada

ਟੋਰਾਂਟੋ: ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਕੀਤੇ ਗਏ ਹਵਾਬਾਜ਼ੀ ਸਮਝੌਤੇ ਵਿਚ ਉਡਾਣਾਂ ਲਈ ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਿਲ ਨਾ ਕਰਨ 'ਤੇ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਨਿਰਾਸ਼ਾ ਜਤਾਈ ਜਾ ਰਹੀ ਹੈ ਅਤੇ ਨਾਲ ਹੀ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਵਲੋਂ ਹਵਾਬਾਜੀ ਮੰਤਰੀ ਓਮਾਰ ਅਲਗਾਬਰਾ ਨੂੰ ਬੀਤੇ ਕੱਲ੍ਹ ਪੱਤਰ ਵਿਚ ਲਿਖਿਆ ਗਿਆ ਕਿ ਪੰਜਾਬ ਦੇ ਹਵਾਈ ਅੱਡੇ ਸਮਝੌਤੇ 'ਚੋਂ ਬਾਹਰ ਰੱਖਣ ਕਰਕੇ ਸਿੱਖਾਂ ਨੂੰ ਦੁੱਖ ਹੋਇਆ ਹੈ।  

ਇਹ ਸਮਝੌਤਾ ਚੁਣੇ ਗਏ ਹਵਾਈ ਅੱਡਿਆਂ ਵਿਚ ਕੈਨੇਡਾ ਅਤੇ ਭਾਰਤ ਵਿਚਕਾਰ ਬੇਅੰਤ ਉਡਾਣਾਂ ਦੀ ਵਿਵਸਥਾ ਕਰਦਾ ਹੈ, ਹਾਲਾਂਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ (ਪੰਜਾਬ) ਨੂੰ ਸ਼ਾਮਲ ਨਹੀਂ ਕਰਦਾ, ਜੋ ਕਿ ਸਿੱਖ ਭਾਈਚਾਰੇ ਦੀ ਬਹੁਗਿਣਤੀ ਅਤੇ ਕੈਨੇਡਾ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀਆਂ ਦਾ ਘਰ ਹੈ। ਇਹ ਵੀ ਲਿਖਿਆ ਗਿਆ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਦਾ ਪੰਜਾਬ ਨਾਲ਼ ਸਿੱਧਾ ਸਬੰਧ ਹੈ ਜਿਸ ਕਰਕੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਜ਼ਰੂਰੀ ਮੰਗ ਹੈ। ਸਿੱਧੀ ਉਡਾਣ ਦੀ ਇਹ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਅਤੇ ਸਿੱਟੇ ਵਜੋਂ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਲੋਕਾਂ ਦਾ ਰਸਤਿਆਂ 'ਚ ਵਾਧੂ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ।

ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਮੰਤਰੀ ਅਲਗਾਬਰਾ ਨੂੰ ਕੈਨੇਡਾ ਤੋਂ ਭਾਰਤ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਭਾਰਤ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀਸੀ.) ਵਲੋਂ ਵੀ ਮੰਤਰੀ ਅਲਗਾਬਰਾ, ਕੈਨੇਡਾ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਨ.ਜੀ., ਕੈਨੇਡਾ ਦੇ ਪੰਜਾਬੀ ਸੰਸਦ ਮੈਂਬਰਾਂ ਅਤੇ ਟੋਰਾਂਟੋ 'ਚ ਭਾਰਤ ਦੇ ਕੌਂਸਲਖਾਨੇ ਨੂੰ ਲਿਖ ਕੇ ਇਸ ਸਮਝੌਤੇ ਪ੍ਰਤੀ ਲੱਖਾਂ ਕੈਨੇਡਾ ਵਾਸੀਆਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ।