ਪਾਕਿ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ, ਜਾਨ ‘ਤੇ ਖੇਡ ਕੇ ਕਰਦੀ ਹੈ ਰਿਪੋਰਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ, ਜਿਸ ਦੀ ਬਹਾਦਰੀ ਦੇ ਚਰਚੇ ਪੂਰੀ ਦੁਨੀਆਂ ਵਿਚ ਹੋ ਰਹੇ ਹਨ। ਉਨ੍ਹਾਂ ਖ਼ੁਦ ਅਪਣੇ...

Manmeet Kaur

ਲਾਹੌਰ : ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ, ਜਿਸ ਦੀ ਬਹਾਦਰੀ ਦੇ ਚਰਚੇ ਪੂਰੀ ਦੁਨੀਆਂ ਵਿਚ ਹੋ ਰਹੇ ਹਨ। ਉਨ੍ਹਾਂ ਖ਼ੁਦ ਅਪਣੇ ਕੰਮ ਦੇ ਬਾਰੇ ਦੱਸਿਆ ਕਿ ਉਹ ਕਿਸ ਤਰ੍ਹਾਂ ਅਪਣੀ ਜਾਨ ‘ਤੇ ਖੇਡ ਕੇ ਰਿਪੋਰਟਿੰਗ ਕਰਦੀ ਹੈ। ਉਨ੍ਹਾਂ ਨੇ ਦੱਸਿਆ, ਉਹ ਖੈਬਰ-ਪਖਤੂਨਖਵਾ ਦੀ ਆਮ ਸਵੇਰ ਸੀ, ਮੈਂ ਰਿਪੋਰਟਿੰਗ ਤੋਂ ਬਾਅਦ ਘਰ ਵਾਪਿਸ ਆ ਰਹੀ ਸੀ। ਰਸਤੇ ਵਿਚ ਸਦਰ ਇਲਾਕਾ ਪਿਆ, ਉੱਥੋਂ ਦੀ ਹਲਵਾ-ਪੂਰੀ ਕਾਫ਼ੀ ਮਸ਼ਹੂਰ ਹੈ,

ਜਦੋਂ ਵੀ ਮੈਂ ਉੱਥੋਂ ਲੰਘਦੀ, ਹਲਵਾ ਲੈਣਾ ਨਹੀਂ ਭੁੱਲਦੀ ਸੀ। ਦੂਰ ਤੋਂ ਰਿਪੋਰਟਿੰਗ ਤੋਂ ਬਾਅਦ ਵਾਪਿਸ ਆਉਂਦੇ ਹੋਏ ਕਾਫ਼ੀ ਭੁੱਖ ਲੱਗ ਗਈ ਸੀ। ਮੈਂ ਅਪਣੀ ਰੋਜ਼ ਦੀ ਆਦਤ ਮੁਤਾਬਕ ਰੁਕੀ ਤੇ ਨਾਸ਼ਤਾ ਪੈਕ ਕਰਵਾ ਕੇ ਚੱਲ ਪਈ। ਗੱਡੀ ਕੁੱਝ ਮੀਟਰ ਹੀ ਅੱਗੇ ਵਧੀ ਸੀ ਕਿ ਜ਼ੋਰ ਨਾਲ ਧਮਾਕਾ ਹੋਇਆ ਜਿਸ ਨਾਲ ਸਾਰਾ ਇਲਾਕਾ ਕੰਬ ਉੱਠਿਆ। ਮੁੜ ਕੇ ਦੇਖਿਆ ਤਾਂ ਉਸੇ ਜਗ੍ਹਾ ਧਮਾਕਾ ਹੋਇਆ ਸੀ, ਜਿੱਥੇ ਪੌਣੇ ਮਿੰਟ ਪਹਿਲਾਂ ਮੈਂ ਖੜੀ ਸੀ।

ਅੰਦਰ ਤੱਕ ਸਹਿਮ ਗਈ ਪਰ ਮੇਰਾ ਪੇਸ਼ਾ ਮੇਰੇ ਤੋਂ ਕੁੱਝ ਹੋਰ ਮੰਗ ਰਿਹਾ ਸੀ। ਮੇਰੇ ਕੋਲ ਨਾ ਕੈਮਰਾਮੈਨ ਸੀ, ਨਾ ਹੀ ਕੈਮਰਾ। ਮੋਬਾਇਲ ਨਾਲ ਰਿਪੋਰਟ ਤਿਆਰ ਕਰਕੇ ਮੈਂ ਫਟਾਫਟ ਦਫ਼ਤਰ ਵਿਚ ਫੁਟੇਜ ਭੇਜਣ ਲੱਗੀ। ਖੁੱਲ੍ਹਦੀਆਂ ਦੁਕਾਨਾਂ ਦੇ ਸ਼ਟਰ ਹੇਠਾਂ ਹੋ ਗਏ ਸਨ, ਲੋਕ ਬਦਹਵਾਸ ਹੋ ਕੇ ਭੱਜ ਰਹੇ ਸਨ, ਅਜਿਹੇ ਵਿਚ ਮੈਂ ਪਹਿਲੀ 'ਮੀਡੀਆਵਾਲੀ' ਸੀ ਜੋ ਉੱਥੇ ਡਟੀ ਰਹੀ। ਧਮਾਕੇ ਦੀ ਜਗ੍ਹਾ ਮੁਸ਼ਤੈਦੀ ਨਾਲ ਖੜੀ ਮਨਮੀਤ ਹਮੇਸ਼ਾ ਤੋਂ ਅਜਿਹੀ ਨਹੀਂ ਸੀ।

ਮੈਂ ਪੇਸ਼ਾਵਰ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੀ ਪੜ੍ਹਾਈ ਕੀਤੀ। ਫਿਰ ਇਕ ਕੰਪਿਊਟਰ ਇੰਸਟੀਚਿਊਟ ਵਿਚ ਕੰਮ ਕਰਨ ਲੱਗੀ। ਇਕ ਆਮ ਪਾਕਿਸਤਾਨੀ ਲੜਕੀ ਦੀ ਜ਼ਿੰਦਗੀ ਬੱਸ ਇੰਨੀ ਕੁ ਹੁੰਦੀ ਹੈ ਕਿ ਉਹ ਘਰ ਦੇ ਕੰਮ ਕਰ ਲਵੇ, ਬਾਕੀ ਘਰੋਂ ਬਾਹਰ ਨਿਕਲਣਾ ਨਾਮਾਤਰ ਤੇ ਫਿਰ ਵਿਆਹ ਤੇ ਫਿਰ ਗ੍ਰਹਿਸਥੀ ਜੀਵਨ ਦੀ ਸਾਂਭ-ਸੰਭਾਲ। ਘੱਟ ਗਿਣਤੀਆਂ ਲਈ ਕੁਝ ਕਰਨ ਦਾ ਜਜ਼ਬਾ ਹਾਲਾਂਕਿ ਅੰਦਰੋਂ ਅੰਦਰੀ ਧੜਕਦਾ ਸੀ।

ਸਲੈਕਸ਼ਨ ਤੋਂ ਬਾਅਦ ਜਦੋਂ ਘਰਵਾਲਿਆਂ ਨੂੰ ਦੱਸਿਆ ਤਾਂ ਉਹ ਭੜਕ ਉੱਠੇ। ਉਨ੍ਹਾਂ ਨੂੰ ਲੱਗਿਆ ਕਿ ਲੜਕੀ ਹੱਥੋਂ ਨਿਕਲ ਗਈ। ਅਪਣੀ ਕੌਮ ਦੇ ਲੋਕਾਂ ਨੇ ਖੂਬ ਟੋਕਿਆ। ਮੈਨੂੰ ਔਰਤਾਂ ਦੇ ਫਰਜ਼ ਦੱਸੇ ਗਏ, ਉੱਪਰ ਵਾਲੇ ਦਾ ਹਵਾਲਾ ਦਿਤਾ ਗਿਆ ਪਰ ਮੈਂ ਅੱਗੇ ਵੱਧ ਚੁੱਕੀ ਸੀ। ਮੇਰਾ ਦੂਜਾ ਕਦਮ ਸੀ ਘੱਟ ਗਿਣਤੀਆਂ ਦੇ ਤਿਉਹਾਰਾਂ ਨੂੰ ਟੈਲੀਵਿਜ਼ਨ ਉਤੇ ਲੈ ਕੇ ਜਾਣਾ। ਰੱਖੜੀ ਉਤੇ ਮੈਂ ਪੈਕੇਜ ਤਿਆਰ ਕੀਤਾ ਜੋ ਹਰ ਬੁਲੇਟਿਨ ਵਿਚ ਚੱਲਿਆ।

ਇਸ ਤੋਂ ਬਾਅਦ ਦਫ਼ਤਰ ਵਿਚ ਤਰੀਫ਼ਾਂ ਲਈ ਫ਼ੋਨ ਆਉਣ ਲੱਗੇ। ਲੋਕ ਮੈਨੂੰ ਜਾਣਨ ਲੱਗੇ ਸਨ, ਇਹ ਇਕ ਵੱਡੀ ਕਾਮਯਾਬੀ ਸੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਅਪਣੇ ਸਕੂਲ ਵਿਚ ਘੱਟ ਗਿਣਤੀ ਹੋਣ ਕਰਕੇ ਕਾਫ਼ੀ ਮੁਸ਼ਕਿਲਾਂ ਝੱਲੀਆਂ ਸਨ। ਕਿਤਾਬਾਂ ਵਿਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਲਿਖੀਆਂ ਹੁੰਦੀਆਂ। ਸਾਡੇ ਤੋਂ ਅਜੀਬ ਸਵਾਲ ਪੁੱਛੇ ਜਾਂਦੇ, ਮੇਰਾ ਕੰਮ ਇਸ ਸਭ ਨੂੰ ਸਾਫ਼ ਕਰ ਰਿਹਾ ਸੀ।

ਕਿਸ ਤਰ੍ਹਾਂ ਹੈ ਪਾਕਿਸਤਾਨ ਵਿਚ ਰਹਿਣਾ ਸਵਾਲ ਖ਼ਤਮ ਹੁੰਦੇ-ਹੁੰਦੇ ਮਨਮੀਤ ਬੋਲ ਉੱਠਦੀ ਹੈ ਕਿ ਮੇਰੇ ਲਈ ਪਾਕਿਸਤਾਨ ਪਵਿੱਤਰ ਸਥਾਨ ਹੈ। ਇਹੀ ਮੇਰੇ ਗੁਰੂਆਂ ਦੀ ਪਾਕ ਜਗ੍ਹਾ ਹੈ, ਇੱਥੇ ਮੇਰਾ ਪਰਿਵਾਰ ਹੈ, ਇੱਥੇ ਹੀ ਕੰਮ ਕਰਕੇ ਮੈਨੂੰ ਪਹਿਚਾਣ ਮਿਲੀ ਹੈ, ਪਹਿਲਾਂ ਹਾਲਾਤ ਖ਼ਰਾਬ ਸੀ ਪਰ ਹੁਣ ਗੁਰਦੁਆਰਿਆਂ ਦੀ ਹਿਫ਼ਾਜ਼ਤ ਲਈ ਹੁਕੂਮਤ ਸਿਕਓਰਿਟੀ ਦਿੰਦੀ ਹੈ। ਜਲਦ ਹੀ ਉਹ ਸਮਾਂ ਆਵੇਗਾ ਜਦੋਂ ਕਿਸੇ ਸਕਿਓਰਿਟੀ ਦੀ ਲੋੜ ਨਹੀਂ ਪਵੇਗੀ।