ਇੰਗਲੈਂਡ ਦੇ ਪਹਿਲੇ ਸਿੱਖ Celebrity Master Chef ਦੀ ਪੂਰੀ ਕਹਾਣੀ, ਬਕਿੰਘਮ ਪੈਲੇਸ ਤੱਕ ਚਰਚੇ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਗਲੈਂਡ ਵਿਚ ਇਸ ਸਿੱਖ ਨੇ ਵਧਾਇਆ ਪੰਜਾਬੀਆਂ ਦਾ ਮਾਣ...

Arbinder Singh

ਇੰਗਲੈਂਡ: ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਦੋਂ ਕਦੇ ਨਾਮਣਾ ਖੱਟਦੇ ਹਨ ਤਾਂ ਸਿਰਫ ਸਿੱਖਾਂ ਲਈ ਮਿਸਾਲ ਨਹੀਂ ਬਣਦੇ ਸਗੋਂ ਪੂਰੀ ਦੁਨੀਆ ਵਿਚ ਵੱਖਰੀ ਪਛਾਣ ਬਣਾਉਂਦੇ ਹਨ। ਇੰਗਲੈਂਡ ਵਿਚ ਕਰਵਾਏ ਜਾਂਦੇ ਬੀਬੀਸੀ 2 ਮਾਸਟਰ ਸ਼ੈੱਫ ਪ੍ਰੋਫੈਸ਼ਨਲ ਵਿਚ ਪਹਿਲੀ ਵਾਰ ਸ਼ਾਮਲ ਹੋਣ ਵਾਲੇ ਅਰਬਿੰਦਰ ਸਿੰਘ ਦੁੱਗਲ, ਵੀ ਉਨਾਂ ਵਿਚ ਸ਼ਾਮਲ ਹਨ ਜੋ ਆਪਣੇ ਹੁਨਰ ਤੇ ਕਲਾ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ਼ ਕਰਦੇ ਹਨ। ਮੁਹਾਲੀ ਦੇ ਜੰਮਪਲ ਅਰਬਿੰਦਰ ਸਿੰਘ ਦੁੱਗਲ ਇੰਗਲੈਂਡ ਦੇ ਮਾਸਟਰ ਸ਼ੈਫ 2019 ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੇ ਇਕਲੌਤੇ ਪੰਜਾਬੀ ਹਨ।

ਗੱਲ ਜੇਕਰ ਖਾਣਾ ਬਣਾਉਣ ਦੀ ਕਲਾ ਹੋਵੇ ਤਾਂ ਅਰਬਿੰਦਰ ਦੀ ਇਸ ਕਾਬਲੀਅਤ ਨੇ ਉਹਨਾਂ ਨੂੰ ਦੁਨੀਆ ਵਿਚ ਪ੍ਰਸਿੱਧ ਕਰ ਦਿੱਤਾ ਹੈ। ਔਰੰਗਾਬਾਦ ‘ਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਤੇ ਫਿਰ ਹੋਟਲ ਮੈਨੇਜਮੈਂਟ ਦੀ ਡਿਗਰੀ ਲੈਣ ਤੋਂ ਬਾਅਦ ਅਰਬਿੰਦਰ ਨੇ  ਮੁੰਬਈ ਵਿਚ ਕੰਮ ਕੀਤਾ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਯੂ.ਕੇ. ਆਉਣ ਦਾ ਮੌਕਾ ਮਿਲਿਆ। 

ਅਰਬਿੰਦਰ ਦੱਸਦੇ ਹਨ, ਜਦ ਮੈਂ ਫਰੈਂਚ ਰੈਸਟੋਰੈਂਟ ਵਿਚ ਕੰਮ ਕਰਨਾ ਸ਼ੁਰੂ ਕੀਤਾ, ਤੇ ਫਿਰ ਯੂਰੋਪੀਅਨ ਰਸੋਈ ਵਿਚ ਵੀ ਹੱਥ ਅਜ਼ਮਾਇਆ, ਸ਼ੁਰੂ ਸ਼ੁਰੂ ਵਿਚ ਮੁਸ਼ਕਿਲ ਹੁੰਦਾ ਹੈ, ਪਰ ਜਦੋਂ ਤੁਸੀਂ ਆਪਣਾ ਹੁਨਰ ਦਿਖਾਉਂਦੇ ਹੋ ਤਾਂ ਤੁਹਾਨੂੰ ਅੱਗੇ ਵੱਧਣ ਦਾ ਮੌਕਾ ਜ਼ਰੂਰ ਮਿਲਦਾ ਹੈ

ਹਾਲਾਂਕਿ ਇਸ ਤੋਂ ਪਹਿਲਾਂ ਅਰਬਿੰਦਰ ਪ੍ਰਸਿੱਧ ਹੋਟਲ ਮੈਰੀਅਟ ਵਿਚ ਵੀ ਕੰਮ ਕਰ ਚੁੱਕੇ ਸਨ। ਮਾਸਟਰ ਸ਼ੈਫ ਵਿਚ ਜਾਣ ਲਈ ਵੀ ਉਹ ਪਿਛਲੇ 6-7 ਸਾਲ ਤੋਂ ਕੋਸ਼ਿਸ਼ ਕਰ ਰਹੇ ਸਨ ਤੇ ਉਨ੍ਹਾਂ ਦੀ ਇਹ ਇੱਛਾ ਆਖਰਕਾਰ ਬੀਬੀਸੀ ਮਾਸਟਰ ਸ਼ੈਫ ਸੀਜ਼ਨ 12 ਵਿਚ ਜਾ ਕੇ ਪੂਰੀ ਹੋਈ।

ਉਹ ਪੂਰੇ ਇੰਗਲੈਂਡ ਵਿਚੋਂ ਚੁਣੇ ਗਏ 48 ਉਮੀਦਵਾਰਾਂ ਵਿਚੋਂ ਫਾਈਨਲ 'ਚ ਪਹੁੰਚਣ ਵਾਲੇ 8 ਕੈਂਡੀਡੇਟਸ ਵਿਚ ਸ਼ਾਮਲ ਸਨ, ਇੰਨਾ ਹੀ ਨਹੀਂ ਇਕਲੌਤੇ ਸਾਬਤ ਸੂਰਤ ਸਿੱਖ ਵੀ ਜਿਨ੍ਹਾਂ ਨੂੰ ਇੱਥੇ ਤੱਕ ਪਹੁੰਚਣਦਾ ਮਾਣ ਹਾਸਲ ਹੋਇਆ ।

ਮਾਸਟਰ ਸ਼ੈੱਫ ਇਕ ਬੇਹੱਦ ਪ੍ਰੌਫੈਸ਼ਨਲ ਪ੍ਰੋਗਰਾਮ ਹੈ ਜਿਸ ਵਿਚ ਤੁਹਾਡੀ ਕਲਾ ਨੂੰ ਮਾਪਣ ਦਾ ਪੈਮਾਨਾ ਕਾਫੀ ਵੱਡਾ ਹੁੰਦਾ ਹੈ, ਮੈਂ ਇਹ ਦੇਖਣਾ  ਚਾਹੁੰਦਾ ਸੀ ਕਿ ਯੂਰੋਪੀਅਨ ਤੇ ਫ੍ਰੈਂਚ ਖਾਣੇ ਦੀ ਇਸ ਇੰਡਸਟਰੀ ਵਿਚ ਮੈਂ ਕਿੱਥੇ ਸਟੈਂਡ ਕਰਦਾ ਹਾਂ 

ਅਰਬਿੰਦਰ ਮੰਨਦੇ ਹਨ ਕਿ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਸੀ, ਇਸ ਦੇ ਪਿੱਛੇ ਉਹਨਾਂ ਦੀ 15 ਸਾਲ ਦੀ ਮਿਹਨਤ ਹੈ। ਨਾ ਸਿਰਫ ਇਹੀ ਬਲਕਿ ਰਸੋਈ ਦੀ ਇਸ ਕਲਾ ਦੇ ਨਾਲ ਨਾਲ ਫ੍ਰੈਂਚ ਤੇ ਯੂਰੋਪੀਅਨ ਖਾਣੇ 'ਚ ਭਾਰਤੀ ਖਾਣੇ ਦਾ ਫਿਊਜ਼ਨ ਲਿਆਉਣ ਵਾਲੇ ਅਰਬਿੰਦਰ ਸਿੰਘ ਦੁੱਗਲ ਇਕਲੌਤੇ ਅਜਿਹੇ ਸ਼ਖਸ ਹਨ ਜੋ ਆਪਣੇ ਇਸ ਹੁਨਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਸ਼ੁਰੂਆਤ ਕਰਨ ਜਾ ਰਹੇ ਹਨ।

ਇੰਗਲੈਂਡ ਵਿਚ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ ਅਰਬਿੰਦਰ ਸਿੰਘ ਦੀ ਇਸ ਪਾਕਿ ਕਲਾ ਦੀ ਚਰਚਾ ਬਕਿੰਘਮ ਪੈਲੇਸ ਤੱਕ ਵੀ ਹੋ ਚੁੱਕੀ ਹੈ। ਫਰਵਰੀ 2019 ਵਿਚ ਹੀ ਬਕਿੰਘਮ ਪੈਲੇਸ ਵਿਚ ਰੱਖੇ ਗਏ ਸ਼ਾਹੀ ਡਿਨਰ ਵਿਚ ਅਰਬਿੰਦਰ ਸਿੰਘ ਦੁੱਗਲ ਦੀ ਮਹਿਮਾਨ ਨਵਾਜ਼ੀ ਦੇ ਸਭ ਕਾਇਲ ਹੋ ਗਏ ਸਨ ਤੇ ਇਹ ਸਿੱਖ ਬ੍ਰਿਟਿਸ਼ ਮੀਡੀਆ ਦੀਆਂ ਸੁਰਖੀਆਂ ਬਣਿਆ ਰਿਹਾ।

ਇਥੇ ਤੱਕ ਪਹੁੰਚਣਾ, ਤੇ ਫਿਰ ਸਿੱਖ ਕੌਮ ਨੂੰ ਇੰਗਲੈਂਡ ਵਿਚ ਜੋ ਮਾਣ ਮਿਲ ਰਿਹਾ ਹੈ ਉਹ ਕਾਬਿਲ-ਏ-ਤਾਰੀਫ ਹੈ, ਇਥੇ ਆ ਕੇ ਪਤਾ ਲੱਗਦਾ ਹੈ ਕਿ ਸਿੱਖ ਅਤੇ ਸਿੱਖੀ ਦੀ ਕੀ ਅਹਿਮੀਅਤ ਹੈ 

ਅਰਬਿੰਦਰ ਨੇ ਤਕਰੀਬਨ 7-8 ਸਾਲ ਸੈਂਟ੍ਰਲ਼ ਲੰਦਨ ਵਿਚ ਕੰਮ ਕੀਤਾ ਜਿਸ ਤੋਂ ਬਾਅਦ ਉਹ ਹੁਣ ਅੱਗੇ ਵਧਦੇ ਹੋਏ ਹੁਣ ਕੁਝ ਨਵਾਂ ਕਰਨ ਜਾ ਰਹੇ ਹਨ। ਆਪਣਾ ਖੁਦ ਦਾ ਰੈਸਟੋਰੈਂਟ ਖੋਲਣ ਜਾ ਰਹੇ ਅਰਬਿੰਦਰ ਸਿੰਘ ਕਹਿੰਦੇ ਨੇ, ਜਦ ਉਹਨਾਂ ਬ੍ਰਿਟਿਸ਼ ਰੈਸਟੋਰੈਂਟ ਵਿਚ ਕੰਮ ਕੀਤਾ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਤਕਨੀਕ ਨੂੰ ਭਾਰਤੀ ਖਾਣੇ ਵਿਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਇਹ ਕੰਪੀਟੀਸ਼ਨ ਖਤਮ ਹੋਣ ਤੋਂ ਬਾਅਦ ਉਹਨਾਂ ਦਾ ਮਕਸਦ ਇਹੀ ਹੈ ਕਿ ਜਿਵੇਂ ਨਾ ਸਿਰਫ ਪੰਜਾਬੀ ਬਲਕਿ ਭਾਰਤੀ ਖਾਣਾ ਹਰ ਲਿਹਾਜ਼ ਤੋਂ ਵੱਖਰੀ ਅਹਿਮੀਅਤ ਰੱਖਦਾ ਹੈ, ਉਸ ਵਿਚ ਜੇਕਰ ਬ੍ਰਿਟਿਸ਼ ਤੜਕਾ ਲਗਾ ਦਿੱਤਾ ਜਾਵੇ ਤਾਂ ਉਹ ਲਾਜਵਾਬ ਹੋਵੇਗਾ।