ਅਮਰੀਕਾ ਵਿੱਚ 12 ਘੰਟਿਆਂ ’ਚ 3 ਥਾਵਾਂ ’ਤੇ ਹੋਈ ਗੋਲੀਬਾਰੀ, 11 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਇਓਵਾ ਵਿੱਚ ਬੰਦੂਕਧਾਰੀਆਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ 'ਚ 2 ਵਿਦਿਆਰਥੀਆਂ ਦੀ ਮੌਤ...

11 people were killed in 3 shootings in America in 12 hours

 

ਅਮਰੀਕਾ- ਕੈਲੀਫੋਰਨੀਆ 'ਚ ਬੰਦੂਕਧਾਰੀਆਂ ਨੇ ਹਾਫ ਮੂਨ ਬੇ ਖੇਤਰ 'ਚ ਦੋ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਕੀਤੀ। ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 3 ਲੋਕ ਗੰਭੀਰ ਜ਼ਖਮੀ ਹਨ। ਸ਼ੈਰਿਫ ਨੇ ਕਿਹਾ ਕਿ ਸਮੂਹਿਕ ਗੋਲੀਬਾਰੀ ਤੋਂ ਬਾਅਦ ਸ਼ੱਕੀ ਹਮਲਾਵਰ, 67 ਸਾਲਾ ਝਾਓ ਚੁਨਲੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਬੈਠਾ ਪਾਇਆ। ਪੁਲਿਸ ਨੇ ਉਸ ਕੋਲੋਂ ਹਮਲੇ ਦੌਰਾਨ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾ ਕਿਸ ਕਾਰਨ ਹੋਇਆ।

ਕੈਲੀਫੋਰਨੀਆ ਦੇ ਹਾਫ ਮੂਨ ਬੇਅ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਜਿਸ ਸਮੇਂ ਉਥੇ ਗੋਲੀਬਾਰੀ ਹੋਈ, ਉਸ ਸਮੇਂ ਮੌਕੇ 'ਤੇ ਕਈ ਬੱਚੇ ਵੀ ਮੌਜੂਦ ਸਨ। ਹਮਲਾਵਰ ਪੌਦਿਆਂ ਦੀ ਨਰਸਰੀ ਵਿੱਚ ਕੰਮ ਕਰਦਾ ਸੀ। ਉਸ ਨੇ ਇੱਕ ਹਮਲਾ ਨਰਸਰੀ ਦੇ ਕੋਲ ਹੀ ਕੀਤਾ। ਪੁਲਿਸ ਹਮਲਾਵਰ ਦੇ ਨਾਲ-ਨਾਲ ਉਸ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ।

ਇਸ ਦੇ ਨਾਲ ਹੀ ਕੈਲੀਫੋਰਨੀਆ ਵਿੱਚ ਇੱਕ ਤੋਂ ਬਾਅਦ ਇੱਕ ਹਮਲਿਆਂ ਨੇ ਉਥੋਂ ਦੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਹਾਫ ਮੂਨ ਬੇ 'ਚ ਰਹਿਣ ਵਾਲੀ ਇਕ ਔਰਤ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਹ ਕਿਤੇ ਵੀ ਸੁਰੱਖਿਅਤ ਨਹੀਂ ਹੈ।

ਇਸ ਤੋਂ ਬਾਅਦ ਆਇਓਵਾ ਵਿੱਚ ਬੰਦੂਕਧਾਰੀਆਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ 'ਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਇਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀਬਾਰੀ ਉਸ ਸਮੇਂ ਹੋਈ ਜਦੋਂ ਸਕੂਲ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਕਰੀਬ 20 ਮਿੰਟ ਬਾਅਦ ਇੱਕ ਕਾਰ ਵਿੱਚੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਇੱਕ ਮੁਲਜ਼ਮ ਭੱਜ ਗਿਆ।

ਇਹ ਖ਼ਬਰ ਵੀ ਪੜ੍ਹੋ: ਪਨਬੱਸ ਦੇ ਗੁਰਸਿੱਖ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਸਾਰਜੈਂਟ ਪਾਲ ਪਰੀਜ਼ੇਕ ਨੇ ਘਟਨਾ ਤੋਂ ਬਾਅਦ ਕਿਹਾ ਕਿ ਹਮਲਾ ਯੋਜਨਾਬੱਧ ਸੀ। ਇਹ ਟਾਰਗੇਟ ਕਿਲਿੰਗ ਹੈ। ਹਾਲਾਂਕਿ ਇਸ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਕੂਲ ਦੀ ਵੈੱਬਸਾਈਟ ਦੇ ਅਨੁਸਾਰ, ਉੱਥੇ ਪੜ੍ਹ ਰਹੇ 80% ਵਿਦਿਆਰਥੀ ਘੱਟ ਗਿਣਤੀ ਭਾਈਚਾਰਿਆਂ ਦੇ ਹਨ।
ਇਸ ਤੋਂ ਬਾਅਦ ਸ਼ਿਕਾਗੋ ਵਿੱਚ ਗੋਲੀਬਾਰੀ ਹੋਈ। ਸ਼ਿਕਾਗੋ ਦੇ ਇੱਕ ਅਪਾਰਟਮੈਂਟ ਵਿੱਚ ਦੇਰ ਰਾਤ ਵਾਪਰੀ। ਇਸ 'ਚ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਕਈ ਲੋਕ ਸ਼ਾਮਲ ਸਨ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਪ ਪੁਲਿਸ ਮੁਖੀ ਅਨੁਸਾਰ ਇਹ ਘੁਸਪੈਠ ਦਾ ਮਾਮਲਾ ਹੈ।