ਸ੍ਰੀਲੰਕਾ ਦੇ ਮੰਤਰੀ ਦਾ ਦਾਅਵਾ-9 ਹਮਲਾਵਰਾਂ ‘ਚ ਇਕ ਔਰਤ ਵੀ ਸੀ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਲੰਬੋ ਵਿਖੇ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ 9 ਆਤਮਘਾਤੀ ਹਮਲਾਵਰਾਂ ਵਿਚ ਇਕ ਔਰਤ ਵੀ ਸੀ।

Sri Lanka Blast

ਕੋਲੰਬੋ:  ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ 9 ਆਤਮਘਾਤੀ ਹਮਲਾਵਰਾਂ ਵਿਚ ਇਕ ਔਰਤ ਵੀ ਸੀ। ਇਹ ਦਾਅਵਾ ਸ੍ਰੀਲੰਕਾ ਦੀ ਰੱਖਿਆ ਮੰਤਰੀ ਨੇ ਕੀਤਾ ਹੈ। ਇਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਰੱਖਿਆ ਮੰਤਰੀ ਦਾ ਇਹ ਬਿਆਨ ਜਾਰੀ ਹੋਇਆ ਹੈ। ਐਤਵਾਰ ਨੂੰ ਈਸਟਰ ਮੌਕੇ ‘ਤੇ ਹੋਏ ਇਸ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 359 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚ 39 ਲੋਕ ਵਿਦੇਸ਼ੀ ਹਨ। ਇਸ ਘਟਨਾ ਵਿਚ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਹੁਣ ਤੱਕ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਮੰਤਰੀ ਲਕਸ਼ਮਣ ਕਿਰਿਏਲਾ ਨੇ ਕਿਹਾ ਕਿ ਇਸ ਘਟਨਾ ਵਿਚ 100 ਤੋਂ ਵੀ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਕਿਹਾ ਕਿ ਭਾਰਤ ਨੇ ਸ੍ਰੀਲੰਕਾ ਨਾਲ ਇਸ ਹਮਲੇ ਬਾਰੇ ਖੁਫੀਆ ਜਾਣਕਾਰੀ ਪਹਿਲਾਂ ਹੀ ਸਾਂਝੀ ਕੀਤੀ ਸੀ ਪਰ ਇਸ ‘ਤੇ ਕਾਰਵਾਈ ਕਰਨ ਵਿਚ ਲਾਪਰਵਾਹੀ ਹੋਈ ਹੈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਇਹ ਜਾਣਕਾਰੀ ਕੋਲੰਬੋ ਵਿਚ ਇਕ ਇੰਟਰਵਿਊ ਦੌਰਾਨ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਸ੍ਰੀਲੰਕਾ ਦੇ ਜਾਂਚਕਰਤਾ ਪਾਕਿਸਤਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੇ ਸੰਪਰਕ ਵਿਚ ਸਨ।

ਸ੍ਰੀਲੰਕਾ ਵਿਚ ਹੋਏ ਹਮਲਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਿਕ ਭਾਰਤੀ ਖੁਫੀਆ ਅਧਿਕਾਰੀਆਂ ਨੇ ਪਹਿਲੇ ਧਮਾਕੇ ਤੋਂ ਕਰੀਬ 2 ਘੰਟੇ ਪਹਿਲਾਂ ਸ੍ਰੀਲੰਕਾ ਨਾਲ ਸੰਪਰਕ ਕੀਤਾ ਸੀ ਅਤੇ ਹਮਲੇ ਨੂੰ ਲੈ ਕੇ ਸਾਵਧਾਨ ਕੀਤਾ ਸੀ। ਇਸ ਦੇ ਨਾਲ ਹੀ ਸ੍ਰੀਲੰਕਾ ਦੇ ਪੀਐਮ ਨੇ ਕਿਹਾ ਇਸ ਹਮਲੇ ਲਈ ਜ਼ਿਮੇਵਾਰ ਲੋਕਾਂ ਵਿਚ ਸ੍ਰੀਲੰਕਾ ਦੇ ਨਾਗਰਿਕ ਹੀ ਸ਼ਾਮਿਲ ਹਨ ਪਰ ਉਹਨਾਂ ਨੂੰ ਵਿਦੇਸ਼ ਤੋਂ ਮਦਦ ਮਿਲੀ ਸੀ। ਇਸ ਲਈ ਉਹਨਾਂ ਨੇ ਵਿਦੇਸ਼ੀ ਏਜੰਸੀਆਂ ਤੋਂ ਮਦਦ ਮੰਗੀ ਹੈ ਤਾਂ ਜੋ ਉਹ ਵਿਦੇਸ਼ੀ ਲਿੰਕਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਣ।

ਦੱਸ ਦਈਏ ਕਿ ਮੰਗਲਵਾਰ ਨੂੰ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਸੱਤ ਆਤਮਘਾਤੀ ਬੰਬ ਹਮਲਾਵਰਾਂ ਦੀ ਪਹਿਚਾਣ ਕੀਤੀ ਸੀ।