ਮਹਾਂਮਾਰੀ ਨੇ ਬਦਲੀ ਮਾਪਿਆਂ ਦੀ ਜ਼ਿੰਦਗੀ! ਅਮਰੀਕਾ ਵਿਚ 15 ਲੱਖ ਮਾਵਾਂ ਨੇ ਛੱਡਿਆ ਕੰਮਕਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਮਾਵਾਂ ਦੇਰ ਰਾਤ ਕੰਮ ਕਰਨ ਲਈ ਮਜਬੂਰ

Pandemic changed the lives of parents

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੇ ਮਾਪਿਆਂ ਦੀ ਜ਼ਿੰਦਗੀ ਬਦਲ ਗਈ ਹੈ। ਇਸ ਦੌਰਾਨ ਸਕੂਲਾਂ ਅਤੇ ਕੰਮਕਾਜੀ ਸਥਾਨਾਂ ਦੇ ਬੰਦ ਹੋਣ ਦਾ ਅਸਰ ਮਾਪਿਆਂ ’ਤੇ ਸਭ ਤੋਂ ਜ਼ਿਆਦਾ ਪਿਆ ਹੈ। ਖ਼ਾਸ ਤੌਰ ’ਤੇ ਦੁਨੀਆਂ ਭਰ ਦੀਆਂ ਮਾਵਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਅਮਰੀਕਾ ਦੇ ਜਨਵਰੀ 2021 ਤੱਕ ਦੇ ਅੰਕੜੇ ਚਿੰਤਾਜਨਕ ਹਨ।

ਅੰਕੜੇ ਦੱਸਦੇ ਹਨ ਕਿ 2020 ਵਿਚ ਅਮਰੀਕਾ ’ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 15 ਲੱਖ ਮਾਵਾਂ (8%) ਨੂੰ ਕੰਮਕਾਜ ਛੱਡਣਾ ਪਿਆ ਜਦਕਿ ਆਮ ਕੰਮ ਕਾਰ ਵਾਲੀਆਂ ਔਰਤਾਂ ਦੇ ਮਾਮਲੇ ਵਿਚ ਇਹ ਅੰਕੜਾ 5.3% ਹੈ। ਇਸੇ ਤਰ੍ਹਾਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ 5.6% ਪਿਤਾ ਨੂੰ ਕੰਮ ਛੱਡਣਾ ਪਿਆ।

ਅਮਰੀਕੀ ਮਨੋਵਿਗਿਆਨਕ ਐਸੋਸੀਏਸ਼ਨ (APA) ਮੁਤਾਬਕ ਅਮਰੀਕਾ ਵਿਚ ਕੋਰੋਨਾ ਸੰਕਟ ਦੌਰਾਨ ਮਾਤਾ-ਪਿਤਾ ਹੋਰ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਪਰੇਸ਼ਾਨ ਹੋਏ ਹਨ। ਯੂਨੀਵਰਸਿਟੀ ਕਾਲਜ ਲੰਡਨ ਨਾਲ ਜੁੜੇ ਐਲਿਸ ਪੌਲ ਵੀ ਕਹਿੰਦੇ ਹਨ ਕਿ ਬ੍ਰਿਟੇਨ ਵਿਚ ਕਈ ਮਾਤਾ-ਪਿਤਾ ਵੱਡੀਆਂ ਪਰੇਸ਼ਾਨੀਆਂ, ਥਣਾਅ ਅਤੇ ਦਬਾਅ ਨਾਲ ਜੂਝ ਰਹੇ ਹਨ। ਇਹਨਾਂ ਵਿਚ ਵੱਡੀ ਚਿੰਤਾ ਪਰਿਵਾਰ ਦੀ ਆਰਥਕ ਸਥਿਤੀ ਵਿਚ ਗਿਰਾਵਟ ਹੈ।

ਜਰਮਨੀ ਦੀ ਰਹਿਣ ਵਾਲੀ ਕਥਰੀਨਾ ਬੋਸ਼ੇ ਪੇਸ਼ੇ ਵਜੋਂ ਇਕ ਵਕੀਲ ਹੈ। ਉਹ ਤਿੰਨ ਬੱਚਿਆਂ ਦੀ ਮਾਂ ਹੈ। ਉਹਨਾਂ ਦੱਸਿਆ ਕਿ, “ਕੁਝ ਦਿਨਾਂ ਵਿਚ ਸਭ ਕੁਝ ਹੱਥੋਂ ਨਿਕਲ ਗਿਆ। ਬੱਚੀਆਂ ਦੇ ਸਕੂਲ 14 ਮਹੀਨੇ ਬੰਦ ਰਹੇ। ਕੁਝ ਸਮੇਂ ਲਈ ਸਕੂਲ ਖੁੱਲ੍ਹੇ ਵੀ ਪਰ ਇਸ ਨਾਲ ਸਾਡੀ ਰੁਟੀਨ ਪੂਰੀ ਤਰ੍ਹਾਂ ਬਦਲ ਗਈ। ਬੱਚੀਆਂ ਦੀ ਆਨਲਾਈਨ ਪੜ੍ਹਾਈ ਵਿਚ ਉਹਨਾਂ ਦੀ ਮਦਦ ਕਰਨੀ ਪਈ। ਅਪਣੇ ਕੰਮ ਲਈ ਸ਼ਾਂਤਮਈ ਸਮੇਂ ਦੀ ਲੋੜ ਸੀ। ਅਜਿਹੀ ਸਥਿਤੀ ਵਿਚ ਮੈਂ ਦੇਰ ਰਾਤ ਜਾਂ ਸਵੇਰੇ 4 ਵਜੇ ਤੋਂ 8 ਵਜੇ ਵਿਚਕਾਰ ਹੀ ਕੰਮ ਕਰਦੀ ਸੀ।“