ਹਿੰਦ-ਪ੍ਰਸ਼ਾਂਤ ਖੇਤਰ ਲਈ ਉਸਾਰੂ ਏਜੰਡੇ ਨਾਲ ਅੱਗੇ ਵਧ ਰਿਹਾ ਕਵਾਡ: ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਮੇਲਨ ਦੇ ਉਦਘਾਟਨੀ ਸੈਸ਼ਨ 'ਚ ਆਪਣੇ ਸੰਬੋਧਨ 'ਚ ਪੀਐਮ ਮੋਦੀ ਨੇ ਕਿਹਾ ਕਿ ਕਵਾਡ ਨੇ ਬਹੁਤ ਘੱਟ ਸਮੇਂ 'ਚ ਵਿਸ਼ਵ ਪੱਧਰ 'ਤੇ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ।

PM Modi at Quad Summit

 

ਟੋਕੀਓ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ 'ਚ ਚਾਰ ਦੇਸ਼ਾਂ ਦੇ ਸਮੂਹ ‘ਕਵਾਡ’ ਦੇ ਦੂਜੇ ਸੰਮੇਲਨ 'ਚ ਕਿਹਾ ਕਿ ਕਵਾਡ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਅਤੇ ਦ੍ਰਿੜਤਾ ਨਾ ਸਿਰਫ ਲੋਕਤੰਤਰੀ ਸ਼ਕਤੀਆਂ ਨੂੰ ਨਵੀਂ ਊਰਜਾ ਪ੍ਰਦਾਨ ਕਰ ਰਹੀ ਹੈ, ਸਗੋਂ ਇਕ ਸੁਤੰਤਰਤਾ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ ਖੇਤਰ ਦੀ ਸਥਾਪਨਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਇੰਡੋ-ਪੈਸੀਫਿਕ ਖੇਤਰ ਲਈ ਉਸਾਰੂ ਏਜੰਡੇ ਨਾਲ ਅੱਗੇ ਵਧ ਰਿਹਾ ਹੈ, ਜੋ ਗਲੋਬਲ "ਭਲਾਈ ਦੀ ਦਿਸ਼ਾ ਵਿਚ ਕੰਮ ਕਰਨ ਵਾਲੀ ਵਿਸ਼ਵ ਸ਼ਕਤੀ" ਵਜੋਂ ਇਸ ਦੇ ਅਕਸ ਨੂੰ ਹੋਰ ਮਜ਼ਬੂਤ ​​ਕਰੇਗਾ।

Quad Summit

ਪ੍ਰਧਾਨ ਮੰਤਰੀ ਮੋਦੀ ਨੇ ਇਹ ਟਿੱਪਣੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਮੌਜੂਦਗੀ ਵਿਚ ਕੀਤੀ। ਸੰਮੇਲਨ ਦੇ ਉਦਘਾਟਨੀ ਸੈਸ਼ਨ 'ਚ ਆਪਣੇ ਸੰਬੋਧਨ 'ਚ ਪੀਐਮ ਮੋਦੀ ਨੇ ਕਿਹਾ ਕਿ ਕਵਾਡ ਨੇ ਬਹੁਤ ਘੱਟ ਸਮੇਂ 'ਚ ਵਿਸ਼ਵ ਪੱਧਰ 'ਤੇ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ, “ਅਸੀਂ ਵੈਕਸੀਨ ਡਿਲੀਵਰੀ, ਜਲਵਾਯੂ ਕਾਰਵਾਈ, ਸਪਲਾਈ ਚੇਨ, ਆਫ਼ਤ ਪ੍ਰਤੀਕਿਰਿਆ, ਆਰਥਿਕ ਸਹਿਯੋਗ ਅਤੇ ਕੋਵਿਡ-19 ਮਹਾਂਮਾਰੀ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਵਿਚ ਤਾਲਮੇਲ ਵਧਾਇਆ ਹੈ”।

Quad Summit

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਦੇਸ਼ਾਂ ਦਰਮਿਆਨ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਭਾਰਤ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਸਥਾਪਨਾ ਵਿਚ ਯੋਗਦਾਨ ਪਾ ਰਿਹਾ ਹੈ। ਇਹ ਸਿਖਰ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਚੀਨ ਅਤੇ ਕਵਾਡ ਮੈਂਬਰ ਦੇਸ਼ਾਂ ਦੇ ਸਬੰਧ ਪਿਛਲੇ ਕੁਝ ਸਮੇਂ ਤੋਂ ਤਣਾਅਪੂਰਨ ਬਣੇ ਹੋਏ ਹਨ। ਇਸ ਦਾ ਕਾਰਨ ਬੀਜਿੰਗ ਦਾ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਲਗਾਤਾਰ ਚੁਣੌਤੀ ਦੇਣਾ ਅਤੇ ਹਮਲਾਵਰ ਵਪਾਰਕ ਨੀਤੀਆਂ ਅਪਣਾਉਣਾ ਹੈ।

Quad Summit

ਜੋਅ ਬਾਈਡਨ ਨੇ ਖੇਤਰ ਲਈ ਆਪਣੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਅਨੁਸਾਰ, 'ਖੁਸ਼ਹਾਲੀ ਲਈ ਇੰਡੋ-ਪੈਸੀਫਿਕ ਆਰਥਿਕ ਮਾਡਲ' (IPEF) ਪੇਸ਼ ਕੀਤਾ, ਜਿਸ ਦਾ ਉਦੇਸ਼ ਸਵੱਛ ਊਰਜਾ, ਸਪਲਾਈ ਚੇਨ ਵਰਗੇ ਖੇਤਰਾਂ ਵਿਚ ਸਮਾਨ ਸੋਚ ਵਾਲੇ ਦੇਸ਼ਾਂ ਵਿਚਕਾਰ ਸਹਿਯੋਗ ਬਣਾਉਣਾ ਹੈ। ਆਈਪੀਈਐਫ ਦੇ ਲਾਂਚ ਈਵੈਂਟ ਵਿਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਈਪੀਈਐਫ ਦੀ ਘੋਸ਼ਣਾ ਇੰਡੋ-ਪ੍ਰਸ਼ਾਂਤ ਖੇਤਰ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਦੀ ਸਮੂਹਿਕ ਇੱਛਾ ਦਾ ਐਲਾਨ ਹੈ। ਉਹਨਾਂ ਨੇ ਇੰਡੋ-ਪੈਸੀਫਿਕ ਖੇਤਰ ਦੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਅਤੇ ਉਸਾਰੂ ਹੱਲ ਲੱਭਣ ਦਾ ਵੀ ਸੱਦਾ ਦਿੱਤਾ।