Pannun case: ਨਿਖਿਲ ਗੁਪਤਾ ਦੀ ਅਰਜ਼ੀ ਰੱਦ, ਚੈੱਕ ਗਣਰਾਜ ਵਲੋਂ ਅਮਰੀਕਾ ਹਵਾਲੇ ਕਰਨ ਦਾ ਰਾਹ ਪਧਰਾ ਹੋਇਆ
ਅਮਰੀਕੀ ਪ੍ਰਸ਼ਾਸਨ ਨੇ ਗੁਪਤਾ ਨੂੰ ਹਵਾਲਗੀ ਸੰਧੀ ਰਾਹੀਂ ਹਾਸਲ ਕਰਨ ਲਈ ਅਰਜ਼ੀ ਚੈਕ ਦੇਸ਼ ਦੀ ਅਦਾਲਤ ’ਚ ਦਾਖ਼ਲ ਕੀਤੀ ਹੋਈ ਹੈ।
Pannun case: ਚੈੱਕ ਗਣਰਾਜ ਦੀ ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ ਨਿਖਿਲ ਗੁਪਤਾ ਦੀ ਉਹ ਅਰਜ਼ੀ ਰੱਦ ਕਰ ਦਿਤੀ ਹੈ, ਜਿਸ ਵਿਚ ਉਸ ਨੇ ਖ਼ੁਦ ਨੂੰ ਇਕ ਅਪਰਾਧੀ ਵਜੋਂ ਅਮਰੀਕਾ ਹਵਾਲੇ ਕੀਤੇ ਜਾਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।
ਅਮਰੀਕੀ ਪ੍ਰਸ਼ਾਸਨ ਨੇ ਗੁਪਤਾ ਨੂੰ ਹਵਾਲਗੀ ਸੰਧੀ ਰਾਹੀਂ ਹਾਸਲ ਕਰਨ ਲਈ ਅਰਜ਼ੀ ਚੈਕ ਦੇਸ਼ ਦੀ ਅਦਾਲਤ ’ਚ ਦਾਖ਼ਲ ਕੀਤੀ ਹੋਈ ਹੈ। ਦਰਅਸਲ, ਗੁਪਤਾ ’ਤੇ ਅਮਰੀਕਾ ’ਚ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਗੁਪਤਾ ਨੇ ਅਪਣੀ ਅਰਜ਼ੀ ’ਚ ਆਖਿਆ ਸੀ ਕਿ ਉਸ ਨੂੰ ਇਕ ਸਿਆਸੀ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਹੁਣ ਜਦੋਂ ਨਿਖਿਲ ਗੁਪਤਾ ਦੀ ਅਰਜ਼ੀ ਰੱਦ ਹੋ ਗਈ ਹੈ, ਤਦ ਉਸ ਨੂੰ ਅਮਰੀਕਾ ਹਵਾਲੇ ਕਰਨ ਦਾ ਰਾਹ ਵੀ ਪਧਰਾ ਹੋ ਗਿਆ ਹੈ। ਪਰ ਇਸ ਮਾਮਲੇ ’ਚ ਹਾਲੇ ਇਕ ਪੇਚ ਇਹ ਹੈ ਕਿ ਉਸ ਨੂੰ ਅਮਰੀਕਾ ਹਵਾਲੇ ਕੀਤਾ ਜਾਣਾ ਹੈ ਜਾਂ ਨਹੀਂ, ਇਸ ਬਾਰੇ ਅੰਤਮ ਫ਼ੈਸਲਾ ਚੈਕ ਗਣਰਾਜ ਦੇ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਭਾਵ ਦੇਸ਼ ਦੀ ਸਰਕਾਰ ਨੇ ਹੀ ਲੈਣਾ ਹੈ।
ਨਿਖਿਲ ਗੁਪਤਾ ਪਿਛਲੇ ਵਰ੍ਹੇ ਜਦੋਂ 30 ਜੂਨ ਨੂੰ ਪਰਾਗ ਪੁਜਾ ਹੀ ਸੀ, ਉਸ ਨੂੰ ਤਦ ਹੀ ਹਿਰਾਸਤ ’ਚ ਲੈ ਲਿਆ ਗਿਆ ਸੀ। ਬੁਧਵਾਰ ਨੂੰ ਨਿਆਂ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਗੁਪਤਾ ਦੀ ਅਮਰੀਕਾ ਹਵਾਲਗੀ ਬਾਰੇ ਮੰਤਰੀ ਬਲਾਜ਼ੇਕ ਵਲੋਂ ਸਮੁਚੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਕੋਈ ਅੰਤਮ ਫ਼ੈਸਲਾ ਲਿਆ ਜਾਵੇਗਾ।
(For more Punjabi news apart from Pannun case: Czech constitutional court says Indian suspect can be extradited to US, stay tuned to Rozana Spokesman)